ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਦੇ ਪ੍ਰਧਾਨ ਅਤੇ ਸਕੱਤਰ ਜਨਰਲ ਦੀ ਚੋਣ ਦੌਰਾਨ ਸੀਨੀਅਰ ਪੱਤਰਕਾਰ ਸ੍ਰੀਨਿਵਾਸ ਰੈਡੀ ਪ੍ਰਧਾਨ ਅਤੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਸਕੱਤਰ ਜਨਰਲ ਚੁਣੇ ਗਏ। ਚੋਣ ਨਤੀਜੇ ਦਾ ਐਲਾਨ ਸੈਂਟਰਲ ਰਿਟਰਨਿੰਗ ਅਧਿਕਾਰੀ ਐਮਏ ਮਾਜਿਦ ਨੇ ਕੀਤਾ। ਉਨ੍ਹਾਂ ਦੱਸਿਆ ਕਿ ਕਾਗ਼ਜ਼ ਵਾਪਸ ਲੈਣ ਦੇ ਅੰਤਿਮ ਦਿਨ ਪ੍ਰਧਾਨ ਲਈ ਸ੍ਰੀ ਰੈਡੀ ਅਤੇ ਸਕੱਤਰ ਜਨਰਲ ਲਈ ਸ੍ਰੀ ਜੰਮੂ ਹੀ ਚੋਣ ਮੈਦਾਨ ਸਨ ਤੇ ਇਸ ਲਈ ਦੋਵਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ। ਚੇਤੇ ਰਹੇ ਕਿ ਸ੍ਰੀਨਿਵਾਸ ਰੈਡੀ ਤੇਲੰਗਾਨਾ ਸਟੇਟ ਯੂਨੀਅਨ ਆਫ ਵਰਕਿੰਗ ਜਰਨਲਿਸਟ ਯੂਨੀਅਨ ਅਤੇ ਸ੍ਰੀ ਜੰਮੂ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਨਾਲ ਜੁੜੇ ਹੋਏ ਹਨ। ਇਹ ਦੋਵੇਂ ਆਗੂ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਦੋਵੇਂ ਆਗੂ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਸਾਬਕਾ ਮੈਂਬਰ ਹਨ ਤੇ ਪੱਤਰਕਾਰੀ ਦੇ ਖੇਤਰ ਵਿੱਚ ਲੰਮਾ ਤਜਰਬਾ ਹੈ।