ਖੇਤਰੀ ਪ੍ਰਤੀਨਿਧ
ਪਟਿਆਲਾ, 18 ਜੂਨ
ਪੀ.ਡਬਲਿਊ.ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਪਟਿਆਲਾ ਵੱਲੋਂ ਅੱਜ ਇਥੇ ਮੀਂਹ ਦੇ ਬਾਵਜੂਦ ਭਾਖੜਾ ਮੇਨ ਲਾਈਨ ਪਟਿਆਲਾ ਦੇ ਨਿਗਰਾਨ ਇੰਜਨੀਅਰ ਦੇ ਦਫਤਰ ਮੁਹਰੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਖਾਲੀ ਪਈਆਂ ਦਰਜਾ ਤਿੰਨ ਦੀਆਂ ਪੋਸਟਾਂ ’ਤੇ ਸੰਬੰਧਤ ਕਰਮਚਾਰੀਆਂ ਨੂੰ ਪ੍ਰਮੋਟ ਨਾ ਕਰਨ, ਸਰਕਾਰ ਦੀਆਂ ਹਦਾਇਤਾਂ ਦੀਆਂ ਉਲੰਘਣਾ ਕਰਦਿਆਂ ਖਾਲੀ ਪਈਆਂ ਪੋਸਟਾਂ ’ਤੇ ਬਾਹਰਲੇ ਦਫਤਰਾਂ ਦੇ ਮੁਲਾਜ਼ਮਾਂ ਨੂੰ ਜੁਆਇਨ ਕਰਵਾਉਣ ਸਮੇਤ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ਸ਼ੁਰੂ ਕੀਤੇ ਗਏ ਇਸ ਮੋਰਚੇ ਦੀ ਅਗਵਾਈ ਰਜਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਮੰਡੋਲੀ, ਵਿਪਨ ਪ੍ਰਸ਼ਾਦ ਤੇ ਪ੍ਰਕਾਸ਼ ਸਿੰਘ ਗੰਡਾ ਖੇੜੀ ਕਰ ਰਹੇ ਹਨ। ਇਸ ਮੌਕੇ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਸੀਨੀਅਰ ਮੀਤ ਪ੍ਰਧਾਨ ਹਰਬੀਰ ਸਿੰਘ ਸੁਨਾਮ, ਵਿੱਤ ਸਕੱਤਰ ਸੁਲੱਖਣ ਸਿੰਘ ਨੇ ਸੰਬੋਧਨ ਕੀਤਾ।