ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਸਤੰਬਰ
ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਦੇ ਦਸ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਵਿਚੋਂ ਸਭ ਤੋਂ ਵੱਧ ਤਿੰਨ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਹਨ।
ਇਨ੍ਹਾਂ ਵਿਚੋਂ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਨੂੰ ਇੰਪਰੂਵਮੈਂਟ ਟਰੱਸਟ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕਈ ਸਾਲਾਂ ਤੋਂ ‘ਆਪ’ ਨਾਲ ਜੁੜੇ ਮੇਘ ਚੰਦ ਦਾ ਜੱਦੀ ਪਿੰਡ ਸ਼ੇਰਮਾਜਰਾ ਪਟਿਆਲਾ ਦੇ ਨਜ਼ਦੀਕ ਹੀ ਸਥਿਤ ਹੈ। ਪਰ ਉਹ ਪਿਛਲੇ ਸਮੇਂ ਤੋਂ ਪਰਿਵਾਰ ਸਮੇਤ ਪਟਿਆਲਾ ’ਚ ਹੀ ਰਹਿੰਦੇ ਹਨ। ਉਨ੍ਹਾਂ ਦਾ ਪਿੰਡ ਸਮਾਣਾ ’ਚ ਪੈਂਦਾ ਹੈ। ਉਨ੍ਹਾਂ ਦਾ ਨਾਮ ਸਮਾਣਾ ਤੋਂ ਵਿਧਾਨ ਸਭਾ ਟਿਕਟ ਲਈ ਵੀ ਚਰਚਾ ’ਚ ਰਿਹਾ ਸੀ। ਅੱਜ ਉਨ੍ਹਾਂ ਨੂੰ ਸ਼ਾਹੀ ਸ਼ਹਿਰ ਪਟਿਆਲਾ ਦੇ ਇੰਪਰੂਵਮੈਂਟ ਟਰੱਸਟ ਦੀ ਅਹਿਮ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ। ਮੁਲਾਜ਼ਮ ਆਗੂ ਬਚਿੱਤਰ ਸਿੰਘ ਅਤੇ ਖੁਸ਼ਿਵੰੰਦਰ ਕਪਿਲਾ ਸਮੇਤ ਕਈ ਹੋਰਨਾਂ ਨੇ ਸ਼ੇਰਮਾਜਰਾ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।
ਇਸੇ ਦੌਰਾਨ ਭਾਜਪਾ ਤਰਫ਼ੋਂ ਦੋ ਵਾਰ ਨਗਰ ਪਾਲਿਕਾ ਰਾਜਪੁਰਾ ਦੇ ਪ੍ਰਧਾਨ ਰਹੇ ਪ੍ਰਵੀਨ ਛਾਬੜਾ ਨੂੰ ਇੰਪਰੂਵਮੈਂਟ ਟਰੱਸਟ ਰਾਜਪੁਰਾ ਦਾ ਚੇਅਰਮੈਨ ਬਣਾਇਆ ਗਿਆ ਹੈ। ਪ੍ਰਦੀਪ ਛਾਬੜਾ ਪਹਿਲਾਂ ਕਾਂਗਰਸ ’ਚ ਸਰਗਰਮ ਰਹੇ ਹਨ। ਅਸਲ ’ਚ ਉਹ ਸਾਬਕਾ ਵਿਧਾਇਕ ਮਰਹੂਮ ਰਾਜ ਖੁਰਾਣਾ ਦੇ ਸਮਰਥਕ ਰਹੇ ਹਨ। ਖੁਰਾਣਾ ਦੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਮੌਕੇ ਛਾਬੜਾ ਵੀ ਕਈ ਸਾਲ ਪਹਿਲਾਂ ਭਾਜਪਾ ’ਚ ਸ਼ਾਮਲ ਹੋ ਗਏ ਸਨ। ਉਹ ਦੋ ਵਾਰ ਨਗਰ ਪਾਲਿਕਾ ਰਾਜਪੁਰਾ ਦੇ ਪ੍ਰਧਾਨ ਬਣੇ। ਕਿਸਾਨ ਅੰਦੋਲਨ ਮੌਕੇ ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ’ਚ ਭਾਜਪਾ ਛੱਡ ਦਿੱਤੀ ਸੀ। ਇਸ ਮਗਰੋਂ ਉਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਰਾਜਪੁਰਾ ਸ਼ਹਿਰ, ਖਾਸ ਕਰਕੇ ਰਾਜਪੁਰਾ ਵਿਚਲੇ ਬਹਾਵਲਪੁਰ ਸਮਾਜ ’ਚ ਚੰਗਾ ਆਧਾਰ ਰੱਖਦੇ ਪ੍ਰਵੀਨ ਛਾਬੜਾ ਰਾਜਪੁਰਾ ਤੋਂ ਆਪ ਦੀ ਟਿਕਟ ਦੇ ਵੀ ਮਜ਼ਬੂਤ ਦਾਅਵੇਦਾਰ ਰਹੇ ਸਨ। ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਰਾਜਪੁਰਾ ਦਾ ਚੇਅਰਮੈਨ ਬਣਾ ਦਿੱਤਾ ਹੈ।
ਇਸੇ ਤਰਾਂ ਪਟਿਆਲਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੂੰ ਇੰਪਰੂਵਮੈਂਟ ਟਰੱਸਟ ਸਮਾਣਾ ਦਾ ਚੇਅਰਮੈਨ ਬਣਾਇਆ ਗਿਆ ਹੈ। ਕੁੰਦਨ ਗੋਗੀਆ ਦਾ ਨਾਮ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ‘ਆਪ’ ਦੀ ਟਿਕਟ ਲਈ ਚਰਚਾ ’ਚ ਰਿਹਾ ਹੈ ਪਰ ਪਾਰਟੀ ਨੇ ਇਹ ਟਿਕਟ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਦੇ ਦਿੱਤੀ ਸੀ ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ‘ਆਪ’ ਦੇ ਵਿਧਾਇਕ ਚੁਣੇ ਗਏ ਹਨ। ਇਸ ਤਰ੍ਹਾਂ ਪਾਰਟੀ ਨਾਲ ਵਫ਼ਾਦਾਰੀ ਨਾਲ ਜੁੜੇ ਰਹੇ ਕੁੰਦਨ ਗੋਗੀਆ ਨੂੰ ਅੱਜ ਇੰਪਰੂਵਮੈਂਟ ਟਰੱਸਟ ਸਮਾਣਾ ਦੀ ਚੇਅਰਮੈਨੀ ਨਿਵਾਜੀ ਗਈ ਹੈ। ਇਨ੍ਹਾਂ ਨਿਯੁਕਤੀਆਂ ਨਾਲ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ।