ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 23 ਅਗਸਤ
ਇਥੇ ਫ਼ਰੀਦਕੋਟ-ਮੁਕਤਸਰ ਬਾਈਪਾਸ ’ਤੇ ਸਥਿਤ ਮੁਹੱਲਾ ਇੰਦਰਾ ਕਾਲੋਨੀ ’ਚ ਪਿਛਲੇ ਛੇ ਮਹੀਨੇ ਤੋਂ ਸੜਕ ’ਤੇ ਗੰਦਾ ਪਾਣੀ ਖੜ੍ਹਾ ਸੜਾਂਦ ਮਾਰ ਰਿਹਾ ਹੈ। ਇਲਾਕੇ ਦੇ ਵਸਨੀਕਾਂ ਨੂੰ ਇਸ ਗੰਦੇ ਪਾਣੀ ’ਚੋਂ ਲੰਘਣਾ ਪੈ ਰਿਹਾ ਹੈ। ਲੰਘੇ ਸਮੇਂ ਤੋਂ ਇਸ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਤਿੰਨ ਮਹੀਨੇ ਪਹਿਲਾਂ ਕੋਟਕਪੂਰਾ ਹਲਕੇ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ’ਤੇ ਤੰਜ ਕੱਸਦਿਆਂ ਸੜਕ ’ਤੇ ਖੜ੍ਹੇ ਗੰਦੇ ਪਾਣੀ ਵਿਚ ਝੋਨਾ ਬੀਜਿਆ ਸੀ ਤਾਂ ਜੋ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਇਸ ਖ਼ਬਰ ਨੂੰ ਕੌਮੀ ਪੱਧਰ ਦੇ ਨਿਊਜ਼ ਚੈੱਨਲਾਂ ਵੱਲੋਂ ਵਿਖਾਉਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਤੇ ਜਲ ਬੋਰਡ ਤੇ ਨਗਰ ਕੌਂਸਲ ਦੀ ਕੁੰਭਕਰਨੀ ਨੀਂਦ ਨਹੀਂ ਟੁੱਟੀ।
ਇਸ ਮੁੁਹੱਲੇ ਦੇ ਵਸਨੀਕਾਂ ਨੇ ਅੱਜ ਸਵੇਰੇ ਇਕੱਠੇ ਹੋ ਕੇ ਮੁਹੱਲੇ ਵਿਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਮਗਰੋਂ ਨਗਰ ਕੌਂਸਲ ਦਫ਼ਤਰ ਪਹੁੰਚ ਕੇ ਦਫ਼ਤਰ ਦੇ ਮੁੱਖ ਗੇਟ ਆਉਣ ਜਾਣ ਲਈ ਬੰਦ ਕਰ ਦਿੱਤਾ। ਮੁਹੱਲੇ ਦੇ ਵਸਨੀਕਾਂ ਨੇ ਦੱਸਿਆ ਕਿ ਲੰਘੀ ਰਾਤ ਇਕ ਗਰਭਵਤੀ ਔਰਤ ਆਪਣੇ ਘਰ ਜਾਣ ਸਮੇਂ ਪਾਣੀ ਵਿਚੋਂ ਲੰਘਣ ਸਮੇਂ ਸੱਟਾਂ ਖਾ ਗਈ। ਵਸਨੀਕਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਅੰਨ੍ਹੇ ਭਗਤਾਂ ’ਤੇ ਤੰਜ ਕੱਸਿਆ ਜੋ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਵਿਕਾਸ ਦੇ ਦਾਅਵੇ ਕਰਦੇ ਹਨ। ਪ੍ਰਦਰਸ਼ਨਕਾਰੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਆਖਿਆ ਕਿ ਉਹ ਇਸ ਬਾਰੇ ਜਲਦ ਕਾਰਵਾਈ ਕਰਨਗੇ। ਵਿਰੋਧ-ਪ੍ਰਦਰਸ਼ਨ ਮਗਰੋਂ ਨਗਰ ਕੌਂਸਲ ਨੇ ਪਾਣੀ ਦੀ ਨਿਕਾਸੀ ਪ੍ਰਬੰਧਾਂ ਲਈ ਆਪਣੇ ਵੱਲੋਂ ਉਪਰਾਲੇ ਸ਼ੁਰੂ ਕਰ ਦਿੱਤਾ ਹਨ।