ਪੱਤਰ ਪ੍ਰੇਰਕ
ਮਮਦੋਟ, 7 ਸਤੰਬਰ
ਸਰਪੰਚ ਯੂਨੀਅਨ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦੇ ਰਵੱਈਏ ਤੋਂ ਖਫਾ ਹੋ ਕੇ ਬਲਾਕ ਸਮਿਤੀ ਮੈਂਬਰਾਂ ਤੇ ਪਿੰਡਾਂ ਦੇ ਸਰਪੰਚਾਂ ਨੇ ਬਲਾਕ ਦਫ਼ਤਰ ’ਚ ਮੀਟਿੰਗ ਕੀਤੀ। ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੀਡੀਪੀਓ ਦੀ ਤੁਰੰਤ ਬਦਲੀ ਕੀਤੀ ਜਾਵੇ। ਮੀਟਿੰਗ ਮਗਰੋਂ ਯੂਨੀਅਨ ਪ੍ਰਧਾਨ ਹੰਸਾ ਸਿੰਘ ਅਗਵਾਈ ’ਚ ਸਾਰੇ ਸਰਪੰਚਾਂ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਰੁਨ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਕਿ ਬੀਡੀਪੀਓ ਨੂੰ ਤੁਰੰਤ ਬਦਲਿਆ ਜਾਵੇ। ਮੀਟਿੰਗ ’ਚ ਸ਼ਾਮਲ ਸਰਪੰਚਾਂ ਨੂੰ ਯੂਨੀਅਨ ਦੇ ਪ੍ਰਧਾਨ ਹੰਸਾ ਸਿੰਘ ਨੇ ਕਿਹਾ ਕਿ ਇਸ ਅਧਿਕਾਰੀ ਦੀ ਜਦੋਂ ਤੋਂ ਮਮਦੋਟ ’ਚ ਤਾਇਨਾਤੀ ਹੈ ਉਦੋਂ ਤੋਂ ਹੀ ਵਿਕਾਸ ਕਾਰਜਾਂ ’ਚ ਰੁਕਾਵਟ ਬਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਬੀਡੀਪੀਓ ਵਿਕਾਸ ਦੇ ਕੰਮਾਂ ਵਿੱਚ ਰੁਕਾਵਟ ਪਾ ਰਹੇ ਹਨ ਤੇ ਕਥਿਤ ਰਿਸ਼ਵਤ ਮੰਗਦੇ ਹਨ। ਇਸ ਮੌਕੇ ਬਲਾਕ ਸਮਿਤੀ ਦੇ ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ, ਬਲਵਿੰਦਰ ਸਿੰਘ ਸਰਪੰਚ, ਅੰਗੂਰ ਸਿੰਘ ਦਿਲਾਰਾਮ, ਜਗੀਰ ਸਿੰਘ ਸਰਪੰਚ ਹਜ਼ਾਰਾ ਸਿੰਘ ਵਾਲਾ, ਸਾਰਜ ਸਿੰਘ ਸਰਪੰਚ ਝੋਕ, ਬਲਾਕ ਸਮਿਤੀ ਮੈਂਬਰ ਗੁਰਜੰਟ ਸਿੰਘ ਦਿਲਾ ਰਾਮ, ਮੁਖਤਿਆਰ ਸਿੰਘ ਸਰਪੰਚ, ਅਮਨਦੀਪ ਕੌਰ ਸਰਪੰਚ ਲੱਖਾ ਹਾਜੀ, ਸਰੋਜ ਰਾਣੀ ਸਰਪੰਚ ਆਦਿ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ ਤੇ ਲੋਕਾਂ ਦੇ ਕੰਮ ਨਾ ਹੋਣ ਕਾਰਨ ਆਮ ਲੋਕਾਂ ’ਚ ਸਰਕਾਰ ਪ੍ਰਤੀ ਨਾਰਾਜ਼ਗੀ ਪੈਦਾ ਹੋ ਰਹੀ ਹੈ। ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਹਰਬੰਸ ਸਿੰਘ ਲੱਖਾ ਸਿੰਘ ਵਾਲਾ ਨੇ ਕਿਹਾ ਕਿ ਬੀਡੀਪੀਓ ਸਰਪੰਚਾਂ ਨਾਲ ਗਲਤ ਵਿਹਾਰ ਕਰਦਾ ਤੇ ਰਿਸ਼ਵਤ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਡੀਪੀਓ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਜਿਸ ਕਾਰਨ ਸਰਪੰਚਾਂ ਨੂੰ ਕੰਮ ਕਰਨਾ ਔਖਾ ਹੋ ਗਿਆ ਹੈ। ਬੀਡੀਪੀਓ ਵੱਲੋਂ ਮਨਜ਼ੂਰੀ ਤੋਂ ਬਿਨਾਂ ਦਫ਼ਤਰ ਅੰਦਰ ਲੱਗੀਆਂ ਟਾਈਲਾਂ ਪੁਟਵਾ ਦਿੱਤੀਆਂ।
ਬੀਡੀਪੀਓ ਨੇ ਦੋਸ਼ ਨਕਾਰੇ
ਬੀਡੀਪੀਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ’ਤੇ ਭ੍ਰਿਸ਼ਟਾਚਾਰ ਦੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਨ੍ਹਾਂ ਵੱਲੋਂ ਕਿਸੇ ਤੋਂ ਵੀ ਰਿਸ਼ਵਤ ਦੀ ਮੰਗ ਨਹੀਂ ਕੀਤੀ ਗਈ।