ਨਵੀਂ ਦਿੱਲੀ, 18 ਜੂਨ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ਦੇ ਕਿਸੇ ਵੀ ਮੈਂਬਰ ਨੇ ਉਸ ਵੇਲੇ ਸੰਸਦ ਦੀ ਨਵੀਂ ਇਮਾਰਤ ਉਸਾਰਨ ਦਾ ਵਿਰੋਧ ਨਹੀਂ ਕੀਤਾ ਜਦ ਦੋਵਾਂ ਸਦਨਾਂ ਵੱਲੋਂ ਇਸ ਬਾਰੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਸੀ। ਨਵੀਂ ਇਮਾਰਤ ਨੂੰ ‘ਲੋੜ’ ਕਰਾਰ ਦਿੰਦਿਆਂ ਬਿਰਲਾ ਨੇ ਕਿਹਾ ਕਿ ਉਸਾਰੀ ਤੈਅ ਸਮੇਂ ਤੋਂ 16 ਦਿਨ ਪਿੱਛੇ ਚੱਲ ਰਹੀ ਹੈ। ਇਹ ਅਕਤੂਬਰ 2022 ਤੱਕ ਮੁਕੰਮਲ ਹੋ ਜਾਵੇਗੀ। ਬਿਰਲਾ ਨੇ ਕਿਹਾ ਕਿ ਪਹਿਲਾਂ ਕੰਮ ਤੈਅ ਸਮੇਂ ਤੋਂ 27 ਦਿਨ ਅੱਗੇ ਚੱਲ ਰਿਹਾ ਸੀ। ਇਕ ਸਵਾਲ ਦੇ ਜਵਾਬ ਵਿਚ ਬਿਰਲਾ ਨੇ ਕਿਹਾ ਕਿ ਮੌਜੂਦਾ ਇਮਾਰਤ ਦਾ ਵਿਸਤਾਰ ਨਹੀਂ ਕੀਤਾ ਜਾ ਸਕਦਾ ਤੇ ਇਹ ਬਦਲਦੇ ਸਮੇਂ ਮੁਤਾਬਕ ਲੋੜਾਂ ਪੂਰੀਆਂ ਨਹੀਂ ਕਰ ਰਹੀ। ਉਨ੍ਹਾਂ ਨਾਲ ਹੀ ਕਿਹਾ ਕਿ ਮੌਜੂਦਾ ਇਮਾਰਤ ਇਤਿਹਾਸਕ ਹੈ ਤੇ ਕਈ ਇਤਿਹਾਸਕ ਫ਼ੈਸਲੇ ਇੱਥੇ ਲਏ ਗਏ ਹਨ। -ਪੀਟੀਆਈ