ਸੁਭਾਸ਼ ਜੋਸ਼ੀ
ਬਲਾਚੌਰ, 18 ਜੂਨ
ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਅੱਜ ਬਲਾਚੌਰ ਹਲਕੇ ਦੇ ਪਿੰਡ ਸਿੰਘਪੁਰ ’ਚ 2.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਜਿਮ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟੇ ’ਚੋਂ ਗਰਾਊਂਡ ਅਤੇ ਖੇਡਾਂ ਦਾ ਸਾਮਾਨ ਲੈਣ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਸਟੇਡੀਅਮ ਅਤੇ ਜਿਮ ਤਿਆਰ ਕਰਵਾਏ ਜਾ ਰਹੇ ਹਨ, ਜਿਨ੍ਹਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਰੱਖਣ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਭਰਪੂਰ ਮਦਦ ਮਿਲੇਗੀ। ਇਸ ਮੌਕੇ ਸਰਪੰਚ ਕੈਪਟਨ ਅਮਰ ਚੰਦ, ਜ਼ਿਲ੍ਹਾ ਯੂਥ ਪ੍ਰਧਾਨ ਹੀਰਾ ਲਾਲ ਖੇਪੜ, ਅਜੈ ਮੰਗੂਪੁਰ, ਸਾਬਕਾ ਸਰਪੰਚ ਰੂਪ ਲਾਲ, ਲਖਵੀਰ ਚੌਧਰੀ, ਲਾਲ ਚੰਦ, ਰਾਮ ਜੀ ਦਾਸ, ਦੇਵ ਰਾਜ, ਭੁਪਿੰਦਰ, ਮਦਨ ਲਾਲ, ਬਲਵੀਰ, ਗੁਰਵਿੰਦਰ, ਹਰਮੇਸ਼ ਮਹੇਸ਼ੀ ਤੋਂ ਇਲਾਵਾ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।