ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਸਤੰਬਰ
ਪੁਲੀਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਸੱਟਾ ਲੱਗਵਾਉਣ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਗਈ ਹੈ, ਜਿਸ ਤਹਿਤ ਪੁਲੀਸ ਨੇ ਅੱਜ ਪੰਜ ਜਣਿਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੋਤਵਾਲੀ ਦੇ ਥਾਣੇਦਾਰ ਲਖਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਮੀਨਾ ਬਾਜ਼ਾਰ ਵਿੱਚ ਸੱਟਾ ਲਗਾਉਂਦੇ ਸਾਹਿਬ ਸਿਦਕੀ ਵਾਸੀ ਜਲੰਧਰ ਬਾਈਪਾਸ ਨੂੰ 2790 ਰੁਪਏ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸਿਵਲ ਹਸਪਤਾਲ ਪਿੱਛੇ ਸੱਟਾ ਲਗਾਉਂਦਿਆਂ ਹਰਵਿੰਦਰ ਸਿੰਘ ਵਾਸੀ ਅਮਰਪੁਰਾ ਨੂੰ ਕਾਬੂ ਕਰਕੇ 43 ਹਜ਼ਾਰ 360 ਰੁਪਏ ਬਰਾਮਦ ਕੀਤੇ ਹਨ। ਇਕ ਹੋਰ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲੀਸ ਨੇ ਮਨੀਸ਼ ਕੁਮਾਰ ਵਾਸੀ ਜੈਨ ਕਾਲੋਨੀ ਗਿਆਸਪੁਰਾ ਨੂੰ ਸੱਟਾ ਲਗਾਉਂਦਿਆਂ ਕਾਬੂ ਕਰਕੇ 1020 ਰੁਪਏ ਬਰਾਮਦ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਸੂਆ ਚੌਕ ਨੇੜੇ ਰਵੀ ਕੁਮਾਰ ਵਾਸੀ ਕਰਮਦੀਪ ਕਲੋਨੀ ਨੂੰ ਕਾਬੂ ਕਰਕੇ 1250 ਰੁਪਏ ਬਰਾਮਦ ਕੀਤੇ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਨੇ ਦਿਲੀਪ ਕੁਮਾਰ ਯਾਦਵ ਨੂੰ ਕਾਬੂ ਕਰ ਕੇ 850 ਰੁਪਏ ਬਰਾਮਦ ਕੀਤੇ ਹਨ।