ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,10 ਨਵੰਬਰ
ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਮੌਕੇ ਪਟਾਕੇ ਵੇਚਣ ਵਾਸਤੇ ਸਿਰਫ਼ 10 ਲਾਇਸੈਂਸ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਸਿਰਫ਼ ਤਿੰਨ ਦਿਨਾਂ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਟਾਕਿਆਂ ਦੀ ਵਿਕਰੀ ਭਲਕੇ 11 ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਇਸ ਦੀ ਵਿਕਰੀ ਲਈ ਬਣਾਏ ਜਾਣ ਵਾਲੇ ਆਰਜ਼ੀ ਖੋਖਿਆਂ ਦੇ ਦੁਕਾਨਦਾਰ ਨੂੰ 80 ਹਜ਼ਾਰ ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਬਚਾਅ ਸਬੰਧੀ ਹੋਰ ਪ੍ਰਬੰਧ ਕਰਨੇ ਵੀ ਲਾਜ਼ਮੀ ਹਨ। ਵਪਾਰੀਆਂ ਨੂੰ ਕਿਹਾ ਗਿਆ ਹੈ ਕਿ ਅਜਿਹੇ ਪਟਾਕੇ ਹੀ ਵੇਚੇ ਜਾਣ, ਜੋ ਘੱਟ ਪ੍ਰਦੂਸ਼ਨ ਵਾਲੇ ਹੋਣ। ਇਸ ਸਬੰਧੀ ਵਿਭਾਗ ਵੱਲੋਂ ਗੁਦਾਮਾਂ ਦੀ ਜਾਂਚ ਵੀ ਕੀਤੀ ਜਾਵੇਗੀ। ਵੇਰਵਿਆਂ ਮੁਤਾਬਕ 10 ਲਾਇਸੈਂਸਾਂ ਲਈ 2800 ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ।
ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਦੱਸਿਆ ਕਿ ਪ੍ਰਚੂਨ ਵਿੱਚ ਪਟਾਕੇ ਵੇਚਣ ਦੇ ਸਟਾਲ ਲਾਉਣ ਦੀ ਆਗਿਆ ਦੇਣ ਸਬੰਧੀ ਫ਼ੈਸਲਾ ਗ੍ਰੀਨ ਟ੍ਰਿਬਿਊਨਲ ਦੇ ਨਵੇਂ ਆਦੇਸ਼ਾਂ ਨੂੰ ਦੇਖਣ ਮਗਰੋਂ ਹੀ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਬਿਨਾਂ ਲਾਇਸੈਂਸ ਜਾਂ ਪ੍ਰਵਾਨਗੀ ਤੋਂ ਬਿਟਾਂ ਪਟਾਕੇ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਪੈਨਸ਼ਨਰਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ
ਪਠਾਨਕੋਟ (ਪੱਤਰ ਪ੍ਰੇਰਕ): ਪੰਚਾਇਤੀ ਰਾਜ ਅਤੇ ਜ਼ਿਲ੍ਹਾ ਪਰਿਸ਼ਦ ਦੇ ਪੈਨਸ਼ਨਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਪੈਨਸ਼ਨ ਨਾ ਮਿਲਣ ਕਾਰਨ ਸਮੂਹ ਪੈਨਸ਼ਨਰਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਦੀ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਅਗਵਾਈ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਕਨਵੀਨਰ ਬਿਕਰਮਜੀਤ ਸੈਣੀ, ਮਾਸਟਰ ਸੱਤ ਪ੍ਰਕਾਸ਼, ਪ੍ਰਿੰਸੀਪਲ ਮੰਗਲ ਦਾਸ, ਹੈੱਡਮਾਸਟਰ ਰਾਮ ਦਾਸ ਅਤੇ ਫਰੰਟ ਜਾਇੰਟ ਸੈਕਟਰੀ ਡਾ. ਲੇਖ ਰਾਜ, ਚਮਨ ਲਾਲ ਗੁਪਤਾ, ਮਹਿੰਦਰ ਪਾਲ, ਸੁਖਨਿੰਦਰ ਸ਼ਰਮਾ ਹਾਜ਼ਰ ਸਨ। ਨਰੇਸ਼ ਕੁਮਾਰ ਨੇ ਪੰਚਾਇਤੀ ਰਾਜ ਅਤੇ ਜ਼ਿਲ੍ਹਾ ਪਰਿਸ਼ਦ ਦੇ ਪੈਨਸ਼ਨਰਾਂ ਦੀ ਬਿਨਾਂ ਕਾਰਨ ਰੋਕੀ ਪੈਨਸ਼ਨ ਨੂੰ ਸਰਕਾਰ ਦਾ ਤਾਨਾਸ਼ਾਹ ਵਤੀਰਾ ਅਤੇ ਪੈਨਸ਼ਨਰਾਂ ਨੂੰ ਤੰਗ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਆਗੂਆਂ ਨੇ ਸਰਕਾਰ ਤੋਂ ਬਾਕੀ ਮੰਗਾਂ ਮੰਨਣ ਦੀ ਵੀ ਅਪੀਲ ਕੀਤੀ।