ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਅੱਜ ਉਹ ਹੁਕਮ ਬਰਕਰਾਰ ਰੱਖਿਆ ਹੈ ਜਿਸ ’ਚ ਸੀਬੀਆਈ ਨੂੰ ਅਮਨੈਸਟੀ ਇੰਟਰਨੈਸ਼ਨਲ ਇੰਡੀਆ ਬੋਰਡ ਦੇ ਪ੍ਰਧਾਨ ਆਕਾਰ ਪਟੇਲ ਖ਼ਿਲਾਫ਼ ‘ਲੁਕਆਊਟ ਸਰਕੁਲਰ’ ਵਾਪਸ ਲੈਣ ਨੂੰ ਕਿਹਾ ਗਿਆ ਸੀ। ਵਿਸ਼ੇਸ਼ ਜੱਜ ਸੰਤੋਸ਼ ਸਨੇਹੀ ਮਾਨ ਨੇ ਹਾਲਾਂਕਿ ਉਨ੍ਹਾਂ ਨਿਰਦੇਸ਼ਾਂ ਨੂੰ ਖਾਰਜ ਕਰ ਦਿੱਤਾ ਜਿਸ ’ਚ ਪਟੇਲ ਖ਼ਿਲਾਫ਼ ਏਜੰਸੀ ਦੀ ਕਾਰਵਾਈ ਲਈ ਸੀਬੀਆਈ ਡਾਇਰੈਕਟਰ ਨੂੰ ਉਨ੍ਹਾਂ (ਪਟੇਲ) ਤੋਂ ਲਿਖਤੀ ਮੁਆਫ਼ੀ ਮੰਗਣ ਲਈ ਕਿਹਾ ਗਿਆ ਸੀ। ਮੈਜਿਸਟਰੇਟ ਦੀ ਅਦਾਲਤ ਨੇ ਸੱਤ ਅਪਰੈਲ ਨੂੰ ਜਾਂਚ ਏਜੰਸੀ ਨੂੰ ਤੁਰੰਤ ਐੱਲਓਸੀ ਵਾਪਸ ਲੈਣ ਤੇ ਪਟੇਲ ਤੋਂ ਮੁਆਫ਼ੀ ਮੰਗਣ ਅਤੇ 30 ਅਪਰੈਲ ਤੱਕ ਕਾਰਵਾਈ ਸਬੰਧੀ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਸੀ। ਪਟੇਲ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਬੰਗਲੂਰੂ ਹਵਾਈ ਅੱਡੇ ’ਤੇ ਅਮਰੀਕਾ ਜਾਣ ਤੋਂ ਰੋਕ ਦਿੱਤਾ ਗਿਆ ਸੀ। ਇਸ ਮਗਰੋਂ ਪਟੇਲ ਨੇ ਅਦਾਲਤ ਦਾ ਰੁਖ਼ ਕੀਤਾ ਸੀ। -ਪੀਟੀਆਈ