ਨਵੀਂ ਦਿੱਲੀ, 17 ਜੂਨ
ਭਾਰਤ ਨੇ ਅੱਜ ਕਿਹਾ ਹੈ ਕਿ ਜੰਮੂ-ਕਸ਼ਮੀਰ ਮੁਲਕ ਦਾ ਅਟੁੱਟ ਹਿੱਸਾ ਹੈ ਅਤੇ ਹਕੀਕਤ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਦੇ ਦੋ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਭਾਰਤ ਵੱਲੋਂ ਖ਼ਿੱਤੇ ’ਚ ਭੂਗੋਲਿਕ ਹਾਲਾਤ ਬਦਲਣ ਦੀ ਸਾਜ਼ਿਸ਼ ਦੇ ਦੋਸ਼ ਲਾਏ ਸਨ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਸਰਹੱਦ ਪਾਰੋਂ ਅਤਿਵਾਦ ਸਵੀਕਾਰਯੋਗ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ। ਹਕੀਕਤ ਨੂੰ ਬਦਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।’’ ਉਧਰ ਭਾਰਤ ਅਤੇ ਪਾਕਿਸਤਾਨ ਨੇ ਬਕਾਇਆ ਕੰਮਕਾਜੀ ਵੀਜ਼ਿਆਂ ਨੂੰ ਕਲੀਅਰ ਕਰ ਦਿੱਤਾ ਹੈ। ਬਾਗਚੀ ਨੇ ਕਿਹਾ ਕਿ ਇਹ ਰੁਟੀਨ ਦੇ ਪ੍ਰਸ਼ਾਸਕੀ ਮਾਮਲੇ ਹਨ। ਇਹ ਵੀਜ਼ੇ ਕੂਟਨੀਤਕਾਂ ਅਤੇ ਵਿਦੇਸ਼ੀ ਮਿਸ਼ਨਾਂ ਦੇ ਮੈਂਬਰਾਂ ਨੂੰ ਜਾਰੀ ਹੁੰਦੇ ਹਨ। -ਪੀਟੀਆਈ