ਜੈਸਮੀਨ ਭਾਰਦਵਾਜ
ਨਾਭਾ, 17 ਜੂਨ
ਪਿੰਡ ਥੂਹੀ ਦੇ ਕਿਸਾਨ ਸੰਤੋਖ ਸਿੰਘ ਨੇ ਤਾਮਿਲਨਾਡੂ ਵਿਚ ਪ੍ਰਚਲਿਤ ਡਰੰਮ ਸੀਡਰ ਨਾਲ ਝੋਨੇ ਦੀ ਬਿਜਾਈ ਕੀਤੀ। ਸੋਸ਼ਲ ਮੀਡੀਆ ਤੋਂ ਸਿੱਖ ਕੇ ਸੰਤੋਖ ਸਿੰਘ ਨੇ ਆਪਣੇ ਛੇ ਕਿੱਲੇ ਇਸ ਤਕਨੀਕ ਨਾਲ ਬੀਜ ਕੇ ਜਿਥੇ 3500 ਰੁਪਏ ਕਿੱਲੇ ਦੀ ਬੱਚਤ ਕੀਤੀ, ਉਥੇ ਲੇਬਰ ਦੀ ਘਾਟ ਤੋਂ ਵੀ ਚਿੰਤਾਮੁਕਤ ਰਿਹਾ। ਪਿਛਲੇ ਸਾਲ ਸੰਤੋਖ ਨੇ ਸਿੱਧੀ ਬਿਜਾਈ ਕੀਤੀ ਜਿਸ ਵਿਚ ਉਸ ਨੂੰ ਨਦੀਨ ਅਤੇ ਕੁਝ ਫਸਲ ਵਿਚ ਪਿਲੱਤਣ ਦੀ ਵੀ ਦਿੱਕਤ ਆਈ।
ਸੰਤੋਖ ਨੇ ਦੱਸਿਆ ਕਿ ਡਰੰਮ ਸੀਡਰ ਨਾਲ ਇੱਕ ਦਿਨ ਵਿੱਚ ਚਾਰ ਤੋਂ ਪੰਜ ਕਿੱਲੇ ਦੀ ਬਿਜਾਈ ਹੋ ਜਾਂਦੀ ਹੈ। ਦਸ ਹਜ਼ਾਰ ਦੇ ਡਰੰਮ ਸੀਡਰ ਨਾਲ ਸੰਤੋਖ ਨੂੰ ਇੱਕ ਕਿੱਲੇ ਦੀ ਬਿਜਾਈ ਵਿਚ ਕੇਵਲ 1000 ਰੁਪਏ ਤੱਕ ਹੀ ਖਰਚਾ ਆਇਆ। ਸੰਤੋਖ ਸਿੰਘ ਤੋਂ ਸੰਦ ਉਧਾਰ ਲੈਕੇ ਨਾਭਾ ਦੇ ਮੈਹਸ ਪਿੰਡ, ਲੋਹਾਰ ਮਾਜਰਾ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਵਿੱਚ ਵੀ ਕਿਸਾਨਾਂ ਨੇ ਝੋਨਾ ਬੀਜਿਆ। ਇਸ ਦੀ ਖਬਰ ਸੋਸ਼ਲ ਮੀਡੀਆ ਰਾਹੀਂ ਨਸ਼ਰ ਹੋਈ ਜਿਸ ਤੋਂ ਬਾਅਦ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਾ ਖੇਤੀਬਾੜੀ ਅਫਸਰ ਅਤੇ ਸੰਗਰੂਰ ਦੇ ਡੀਸੀ ਨੇ ਵੀ ਇਸ ਦੀ ਬਿਜਾਈ ਦਾ ਵਿਸ਼ਲੇਸ਼ਣ ਕੀਤਾ।