ਸਰਬਜੀਤ ਸਿੰਘ ਭੰਗੂ
ਸਨੌਰ, 5 ਜਨਵਰੀ
ਕਾਂਗਰਸੀ ਲਾਲ ਸਿੰਘ ਨੇ ਅੱਜ ਇਕੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਇਸ ਸਬੰਧੀ ਉਨ੍ਹਾਂ ਨੇ ਹਲਕਾ ਸਨੌਰ ਦੇ ਕਸਬਾ ਭੁਨਰਹੇੜੀ ਵਿਖੇ ਆਪਣੇ ਹਮਾਇਤੀਆਂ ਦਾ ਵੱਡਾ ਇਕੱਠ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅੱਜ ਪਹਿਲੀ ਵਾਰ ਖੁੱਲ੍ਹੇਆਮ ਟਿਕਟ ਦੀ ਮੰਗ ਕੀਤੀ। ਬਗ਼ੈਰ ਕਿਸੇ ਦਾ ਨਾਮ ਲਿਆਂ ਉਨ੍ਹਾਂ ਨੇ ਹਲਕਾ ਸਨੌਰ ਨਾਲ ਸਬੰਧਤ ਕਾਂਗਰਸੀਆਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਾਏ। ਲਾਲ ਸਿੰਘ ਦਾ ਕਹਿਣਾ ਹੈ ਕਿ ਇੰਨੇ ਤੰਗ ਤਾਂ ਕਾਂਗਰਸੀ ਕਦੇ ਅਕਾਲੀਆਂ ਦੇ ਰਾਜ ‘ਚ ਨਹੀਂ ਹੋਏ, ਜਿੰਨੇ ਐਤਕੀਂ ਕਾਂਗਰਸ ਦੇ ਰਾਜ ਵਿੱਚ ਹੋਏ ਹਨ। ਲਾਲ ਸਿੰਘ ਨੇ ਆਖਿਆ ਕਿ ਇਥੋਂ ਦੇ ਕਾਂਗਰਸੀਆਂ ਨੇ ਮਸੰਦਾਂ ਦੀ ਤਰ੍ਹਾਂ ਮੰਜੀਆਂ ਡਾਹੁਣ ਵਾਲਾ ਕੰਮ ਕੀਤਾ ਹੋਇਆ ਸੀ। ਪਹਿਲਾਂ ਉਹ ਖੁਦ ਹੀ ਝਗੜਾ ਕਰਾਵਾ ਕੇ ਪਰਚਾ ਕਰਵਾ ਦਿੰਦੇ ਸਨ ਤੇ ਫਿਰ ਪੈਸੇ ਲੈ ਕੇ ਸਮਝੌਤਾ ਕਰਵਾ ਦਿੰਦੇ ਸਨ। ਜ਼ਿਕਰਯੋਗ ਹੈ ਕਿ ਲਾਲ ਸਿੰਘ 1977 ਤੋਂ 2012 ਤੱਕ ਹਲਕਾ ਡਕਾਲ਼ਾ (ਹੁਣ ਨਾਮ ਸਨੌਰ) ਤੋਂ ਅੱਠ ਵਾਰ ਕਾਂਗਰਸ ਦੀ ਤਰਫ਼ੋਂ ਚੋਣ ਲੜੇ ਤੇ ਛੇ ਵਾਰ ਵਿਧਾਇਕ ਬਣੇ। ਫੇਰ ਇੱਕ ਦਰਜਨ ਤੋਂ ਵੱਧ ਵਿਭਾਗਾਂ ਦੇ ਮੰਤਰੀ ਵੀ ਰਹੇ ਹਨ ਪਰ ਪਿਛਲੀ ਵਾਰ ਉਨ੍ਹਾਂ ਦੇ ਫਰਜ਼ੰਦ ਕਾਕਾ ਰਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਮਿਲਣ ਕਰਕੇ ਉਹ ਟਿਕਟ ਤੋਂ ਵਾਂਝੇ ਰਹਿ ਗਏ ਸਨ। ਅੱਜ ਇਥੇ ਉਨ੍ਹਾਂ ਆਖਿਆ ਉਨ੍ਹਾਂ ਅੱਜ ਤੱਕ ਕਦੇ ਵੀ ਟਿਕਟ ਨਹੀਂ ਮੰਗੀ। ਪਾਰਟੀ ਨੇ ਅੱਠੇ ਵਾਰ ਖੁਦ ਟਿਕਟ ਦਿੱਤੀ ਹੈ ਪਰ ਐਤਕੀਂ ਉਹ ਖੁਦ ਟਿਕਟ ਮੰਗ ਰਹੇ ਹਨ ਕਿਉਂਕਿ ਹਲਕੇ ਦੇ ਕਾਂਗਰਸੀ ਵਰਕਰ ਬੇਹੱਦ ਤੰਗ ਹਨ। ਪਿਛਲੀ ਵਾਰ ਉਨ੍ਹਾਂ ਦੀ ਟਿਕਟ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ਡਰਦਿਆ ਕਟਵਾ ਦਿੱਤੀ ਸੀ ਕਿਉਂਕਿ ਅਮਰਿੰਦਰ ਨੂੰ ਖਦਸ਼ਾ ਸੀ ਕਿ ਲਾਲ ਸਿੰਘ ਕਿਤੇ ਮੁੱਖ ਮੰਤਰੀ ਨਾ ਬਣ ਜਾਵੇ। ਉਨ੍ਹਾਂ ਅੱਜ ਖੁੱਲ੍ਹੇਆਮ ਐਲਾਨ ਕੀਤਾ ਕਿ ਉਹ ਹਲਕਾ ਸਨੌਰ ਤੋਂ ਟਿਕਟ ਦੇ ਦਾਅਵੇਦਾਰ ਹਨ। ਯਾਦ ਰਹੇ ਕਿ ਕਾਂਗਰਸ ਨੇ ਐਤਕੀਂ ਵੀ ਇੱਕ ਪਰਿਵਾਰ ‘ਚ ਇੱਕ ਹੀ ਟਿਕਟ ਦੇਣ ਦਾ ਫ਼ੈਸਲਾ ਕੀਤਾ ਹੈ ਤੇ ਲਾਲ ਸਿੰਘ ਦੇ ਪੁੱਤਰ ਵਿਧਾਇਕ ਕਾਕਾ ਰਾਜਿੰਦਰ ਸਿੰਘ ਸਮਾਣਾ ਤੋਂ ਐਤਕੀਂ ਵੀ ਕਾਂਗਰਸ ਦੇ ਉਮੀਦਵਾਰ ਹੋਣਗੇ। ਇਕੱਤਰਤਾ ਵਿਚ ਮਨਿੰਦਰ ਸਿੰਘ ਫਰਾਂਸਵਾਲਾਂ ਮੈਂਬਰ ਜ਼ਿਲ੍ਹਾ ਪਰਿਸ਼ਦ, ਪ੍ਰਗਟ ਸਿੰਘ ਰੱਤਾਖੇੜਾ, ਚਰਨਜੀਤ ਸਿੰਘ ਭੈਣੀ,ਸਾਧੂ ਸਿੰਘ ਬੁਧਮੋਰ, ਤਸਵੀਰ ਸਿੰਘ ਸ਼ਾਦੀਪੁਰ, ਬਲਵਿੰਦਰ ਸਿੰਘ ਕਰਤਾਰਪੁਰ , ਸੁਰਿੰਦਰ ਮਿੱਤਲ, ਲਛਮਣ ਦਾਸ ਵਰਮਾ , ਠੇਕੇਦਾਰ ਨਰਿੰਦਰ ਸਿੰਘ ਜੋਗੀਪੁਰ, ਸਮਰਦੀਪ ਸਿੰਘ ਬਰਕਤਪੁਰਮੈਂਬਰ ਬਲਾਕ ਸੰਮਤੀ ਭੁਨਰਹੇੜੀ, ਨਰਿੰਦਰ ਸ਼ਰਮਾ ਮਸੀਗਣ, ਦਰਸ਼ਨ ਸਿੰਘ ਨੰਬਰਦਾਰ,ਹਰਦੀਸ ਸਿੰਘ ਬ੍ਰਹਮਪੁਰ ਆਗੂ ਵੀ ਹਾਜ਼ਰ ਸਨ। ਸਨੌਰ ਤੋਂ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਵੀ ਕਾਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਹਨ। ਪਿਛਲੀ ਵਾਰ ਉਹ ਕਾਂਗਰਸ ਉਮੀਦਵਾਰ ਵਜੇ ਕਰੀਬ ਚਾਰ ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਇਸ ਵਾਰ ਉਨ੍ਹਾਂ ਵੱਲੋਂ ਕਾਂਗਰਸ ਵੱਲੋਂ ਆਏ ਚੋਣ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਹੀ ਚੋਣ ਦਫ਼ਤਰ ਖੋਲ੍ਹ ਕੇ ਚੋਣ ਲੜਨ ਦਾ ਬਕਾਇਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ। ਹੈਰੀਮਾਨ ਵੱਲੋਂ ਦੇਵੀਗੜ੍ਹ ਵਿਖੇ ਕੀਤੀ ਗਈ ਭਰਵੀਂ ਚੋਣ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਉਚੇਚੇ ਤੌਰ ‘ਤੇ ਪੁੱਜੇ ਸਨ, ਜਿਨ੍ਹਾਂ ਨੇ ਹੈਰੀਮਾਨ ਦੇ ਵੱਡੇ ਫਰਕ ਨਾਲ ਜਿੱਤਣ ਦੀ ਆਸ ਵੀ ਜਤਾਈ ਸੀ।