ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਸਤੰਬਰ
ਕਾਮਰੇਡ ਰਤਨ ਸਿੰਘ ਆਲਮੀ ਸਾਹਿਤ ਕਲਾ ਕੇਂਦਰ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟਰੇਲੀਆ (ਇਪਸਾ) ਵੱਲੋਂ ਇਸ ਵਾਰ ਦਾ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਪੰਜਾਬੀ ਸ਼ਾਇਰ ਸੰਤ ਸੰਧੂ ਨੂੰ ਦਿੱਤਾ ਜਾਏਗਾ। ਸੰਤ ਸੰਧੂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿੱਚ 1945 ਵਿਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ‘ਸੀਸ ਤਲੀ ’ਤੇ’ 1970 ਵਿੱਚ ਪਾਸ਼ ਦੀ ਪੁਸਤਕ ਲੋਹ ਕਥਾ ਦੇ ਨਾਲ ਹੀ ਛਪਿਆ ਸੀ। ਇਹ ਦੋਵੇਂ ਪੁਸਤਕਾਂ ਗੁਰਸ਼ਰਨ ਸਿੰਘ ਨਾਟਕਕਾਰ ਦੇ ਉੱਦਮ ਨਾਲ ਸੰਗਰਾਮ ਪ੍ਰਕਾਸ਼ਨ ਵੱਲੋਂ ਛਾਪੀਆਂ ਗਈਆਂ ਸਨ। ‘ਸੀਸ ਤਲ਼ੀ ’ਤੇ’ ਤੋਂ ਬਾਅਦ ਉਸ ਦੀਆਂ ਕਾਵਿ ਪੁਸਤਕਾਂ ‘ਬਾਂਸ ਦੀ ਅੱਗ’, ‘ਪੁਲ਼ ਮੋਰਾਂ’, ‘ਨਹੀਂ ਖਲਕ ਦੀ ਬੰਦ ਜ਼ੁਬਾਨ ਹੁੰਦੀ (ਵਿਅੰਗ ਬੋਲੀਆਂ) ਆਨੰਦਪੁਰ ਮੇਲ’ ਅਤੇ ‘ਸ਼ਾਹੀਨ ਬਾਗ਼’ ਛਪ ਚੁੱਕੀਆਂ ਹਨ। ਇਹ ਪੁਰਸਕਾਰ ਕਾਮਰੇਡ ਰਤਨ ਸਿੰਘ ਹਲਵਾਰਾ ਟਰੱਸਟ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਮੀਤ ਪ੍ਰਧਾਨ ਪ੍ਰੋ. ਗੋਪਾਲ ਸਿੰਘ ਬੁੱਟਰ, ਜਨਰਲ ਸਕੱਤਰ ਡਾ. ਜਗਵਿੰਦਰ ਜੋਧਾ ਤੇ ਡਾ. ਨਿਰਮਲ ਜੌੜਾ ਨੇ ਆਸਟਰੇਲੀਆ ਦੀ ਸਹਿਯੋਗੀ ਸੰਸਥਾ ਦੇ ਅਹੁਦੇਦਾਰਾਂ ਸਰਬਜੀਤ ਸੋਹੀ ਅਤੇ ਦਲਬੀਰ ਸਿੰਘ ਹਲਵਾਰਵੀ ਦੀ ਸਹਿਮਤੀ ਨਾਲ ਐਲਾਨਿਆ ਹੈ। ਇਸ ਪੁਰਸਕਾਰ ਵਿੱਚ ਇੱਕੀ ਹਜ਼ਾਰ ਰੁਪਏ ਦੀ ਨਗ਼ਦ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਫੁਲਕਾਰੀ ਦਿੱਤੀ ਜਾਵੇਗੀ। ਟਰੱਸਟ ਦੇ ਬੁਲਾਰੇ ਮਨਜਿੰਦਰ ਧਨੋਆ ਨੇ ਦੱਸਿਆ ਕਿ ਪੁਰਸਕਾਰ ਸਮਾਗਮ ਹਲਵਾਰਾ ਦੇ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਐਜੂਕੇਸ਼ਨ ਵਿਚ 14 ਅਕਤੂਬਰ ਨੂੰ ਹੋਵੇਗਾ। ਡਾ. ਜੌੜਾ ਨੇ ਦੱਸਿਆ ਕਿ ਕਿਸਾਨ ਸੰਘਰਸ਼ ਬਾਰੇ ਗੁਰਭਜਨ ਗਿੱਲ ਵੱਲੋਂ ਸੰਪਾਦਿਤ ਕਾਵਿ ਪੁਸਤਕ ‘ਧਰਤ ਵੰਗਾਰੇ ਤਖ਼ਤ ਨੂੰ’ ਵੀ ਇਸ ਸਮਾਗਮ ਵਿੱਚ ਲੋਕ ਅਰਪਣ ਕੀਤੀ ਜਾਵੇਗੀ।