ਨਵੀਂ ਦਿੱਲੀ, 6 ਸਤੰਬਰ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਮੌਤ ਤੋਂ ਬਾਅਦ ਹਰਕਤ ਵਿੱਚ ਆਈ ਕੇਂਦਰ ਸਰਕਾਰ ਵਾਹਨ ਕੰਪਨੀਆਂ ਲਈ ਵਾਹਨ ਦੀ ਪਿਛਲੀ ਸੀਟ ’ਤੇ ਅਲਾਰਮ ਸਿਸਟਮ ਲਗਾਉਣਾ ਲਾਜ਼ਮੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਮੇਂ ਵਾਹਨ ਨਿਰਮਾਤਾ ਕੰਪਨੀਆਂ ਨੂੰ ਮੂਹਰਲੀ ਸੀਟ ’ਤੇ ਬੈਠੇ ਯਾਤਰੀਆਂ ਲਈ ਵਾਹਨ ਵਿੱਚ ਸੀਟ ਬੈਲਟ ਅਲਾਰਮ ਲਗਾਉਣਾ ਲਾਜ਼ਮੀ ਕੀਤਾ ਹੋਇਆ ਹੈ। ਕੇਂਦਰੀ ਸੜਕ ਆਵਾਜਾਈ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ, ‘‘ਸਾਇਰਸ ਮਿਸਤਰੀ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਅਸੀਂ ਫ਼ੈਸਲਾ ਲਿਆ ਹੈ ਕਿ ਪਿਛਲੀਆਂ ਸੀਟਾਂ ਲਈ ਵੀ ਵਾਹਨਾਂ ਵਿੱਚ ਸੀਟ ਬੈਲਟ ਅਲਾਰਮ ਸਿਸਟਮ ਹੋਣਾ ਚਾਹੀਦਾ ਹੈ।’’ ਉਹ ਇੱਥੇ ਬਿਜ਼ਨਸ ਸਟੈਂਡਰਡ ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। -ਪੀਟੀਆਈ