ਨਵੀਂ ਦਿੱਲੀ, 16 ਜੂਨ
ਟੀਕਕਾਰਨ ਸਲਾਹਕਾਰ ਗਰੁੱਪ ਐੱਨਟੀਏਜੀਆਈ ਦੇ ਚੇਅਰਪਰਸਨ ਐੱਨ ਕੇ ਅਰੋੜਾ ਨੇ ਕਿਹਾ ਹੈ ਕਿ ਕੋਵੀਸ਼ੀਲਡ ਵੈਕਸੀਨ ਵਿਚਕਾਰਲੇ ਅੰਤਰ ਬਾਰੇ ਨਜ਼ਰਸਾਨੀ ਕੀਤੀ ਜਾਵੇਗੀ ਅਤੇ ਅੰਕੜਿਆਂ ਦੇ ਆਧਾਰ ’ਤੇ ਢੁੱਕਵਾਂ ਕਦਮ ਉਠਾਇਆ ਜਾਵੇਗਾ। ਕੋਵਿਡ ਅਤੇ ਵੈਕਸੀਨੇਸ਼ਨ ਹਾਲਾਤ ਨੂੰ ਗਤੀਸ਼ੀਲ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ਦੇ ਅੰਸ਼ਕ ਅਸਰ ਬਨਾਮ ਮੁਕੰਮਲ ਟੀਕਾਕਰਨ ਵੀ ਵਿਚਾਰ ਅਧੀਨ ਹੈ। ਕੋਵੀਸ਼ੀਲਡ ਦੀਆਂ ਦੋ ਖੁਰਾਕਾਂ ਵਿਚਕਾਰਲੇ ਅੰਤਰ ਨੂੰ 4 ਤੋਂ 6 ਹਫ਼ਤਿਆਂ ਤੋਂ 12 ਤੋਂ 16 ਹਫ਼ਤਿਆਂ ਤੱਕ ਵਧਾਉਣ ਦੇ ਫ਼ੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਵਿਗਿਆਨਕ ਫ਼ੈਸਲੇ ਦੇ ਆਧਾਰ ’ਤੇ ਕਦਮ ਉਠਾਇਆ ਗਿਆ ਸੀ ਅਤੇ ਟੀਕਾਕਰਨ ਬਾਰੇ ਕੌਮੀ ਤਕਨੀਕੀ ਸਲਾਹਕਾਰ ਗਰੁੱਪ (ਐੱਨਟੀਏਜੀਆਈ) ਦੇ ਮੈਂਬਰਾਂ ’ਚ ਇਸ ਬਾਰੇ ਅਸਹਿਮਤੀ ਵਾਲੇ ਕੋਈ ਸੁਰ ਨਹੀਂ ਸਨ। ਸ੍ਰੀ ਅਰੋੜਾ ਨੇ ਕਿਹਾ ਕਿ ਜੇਕਰ ਕੱਲ੍ਹ ਨੂੰ ਮਾਹਿਰਾਂ ਦੀ ਕਮੇਟੀ ਲੋਕਾਂ ਨੂੰ ਘੱਟ ਅੰਤਰ ’ਤੇ ਟੀਕੇ ਲਾਉਣ ਬਾਰੇ ਉਨ੍ਹਾਂ ਨੂੰ ਦੱਸਦੀ ਹੈ ਤਾਂ ਕਮੇਟੀ ਮੈਰਿਟ ਦੇ ਆਧਾਰ ’ਤੇ ਫ਼ੈਸਲਾ ਲਵੇਗੀ। ਅਪਰੈਲ ਦੇ ਆਖਰੀ ਹਫ਼ਤੇ ’ਚ ਇੰਗਲੈਂਡ ਦੇ ਜਨ ਸਿਹਤ ਵਿਭਾਗ ਵੱਲੋਂ ਜਾਰੀ ਅੰਕੜੇ ’ਚ ਦਰਸਾਇਆ ਗਿਆ ਸੀ ਕਿ ਜਦੋਂ ਟੀਕੇ ਲਾਉਣ ਦਾ ਅੰਤਰ 12 ਹਫ਼ਤੇ ਰਿਹਾ ਤਾਂ ਵੈਕਸੀਨ ਦਾ ਅਸਰ 65 ਅਤੇ 88 ਫ਼ੀਸਦ ਦੇ ਵਿਚਕਾਰ ਆਇਆ। ਸ੍ਰੀ ਅਰੋੜਾ ਨੇ ਕਿਹਾ ਕਿ ਟੀਕਿਆਂ ’ਚ 12 ਹਫ਼ਤਿਆਂ ਦਾ ਅੰਤਰ ਰੱਖ ਕੇ ਹੀ ਇੰਗਲੈਂਡ ਕਰੋਨਾ ਦੇ ਅਲਫਾ ਸਰੂਪ ਨਾਲ ਨਜਿੱਠਣ ’ਚ ਕਾਮਯਾਬ ਰਿਹਾ ਸੀ। ‘ਅਸੀਂ ਵੀ ਸੋਚਿਆ ਕਿ ਇਹ ਚੰਗਾ ਵਿਚਾਰ ਹੈ ਕਿਉਂਕਿ ਦੋ ਟੀਕਿਆਂ ਵਿਚਕਾਰਲਾ ਅੰਤਰ ਵਧਣ ਨਾਲ ਵੈਕਸੀਨਾਂ ਦਾ ਬਿਹਤਰ ਅਸਰ ਦੇਖਣ ਨੂੰ ਮਿਲਿਆ।’ ਇਸ ਕਰਕੇ 13 ਮਈ ਨੂੰ ਵੈਕਸੀਨ ਵਿਚਕਾਰ ਅੰਤਰ 12 ਤੋਂ 16 ਹਫ਼ਤੇ ਵਧਾਉਣ ਦਾ ਫ਼ੈਸਲਾ ਲਿਆ ਗਿਆ। ਉਨ੍ਹਾਂ ਕਿਹਾ ਕਿ ਫ਼ੈਸਲੇ ਵਿਗਿਆਨਕ ਆਧਾਰ ’ਤੇ ਲਏ ਜਾਂਦੇ ਹਨ ਅਤੇ ਸਾਰੀ ਪ੍ਰਣਾਲੀ ਪਾਰਦਰਸ਼ੀ ਹੈ। ਉਨ੍ਹਾਂ ਪੀਜੀਆਈ ਚੰਡੀਗੜ੍ਹ ਵੱਲੋਂ ਕੀਤੇ ਗਏ ਅਧਿਐਨ ਦਾ ਹਵਾਲਾ ਵੀ ਦਿੱਤਾ ਜਿਸ ’ਚ ਅੰਸ਼ਕ ਬਨਾਮ ਮੁਕੰਮਲ ਟੀਕਾਕਰਨ ਦੇ ਅਸਰ ਦੀ ਤੁਲਨਾ ਕੀਤੀ ਗਈ ਸੀ। ਪੀਜੀਆਈ ਚੰਡੀਗੜ੍ਹ ਦੇ ਅਧਿਐਨ ’ਚ ਸਪੱਸ਼ਟ ਤੌਰ ’ਤੇ ਦਿਖਾਈ ਦਿੱਤਾ ਕਿ ਅੰਸ਼ਕ ਅਤੇ ਮੁਕੰਮਲ ਟੀਕਾਕਰਨ ਲਈ ਵੈਕਸੀਨ 75 ਫ਼ੀਸਦ ਅਸਰਦਾਰ ਰਹੀ। ਉਨ੍ਹਾਂ ਕਿਹਾ ਕਿ ਅਲਫ਼ਾ ਸਰੂਪ ਦਾ ਪੰਜਾਬ, ਉੱਤਰ ਭਾਰਤ ਅਤੇ ਫਿਰ ਦਿੱਲੀ ’ਚ ਅਸਰ ਦੇਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅਧਿਐਨ ਦਾ ਮਤਲਬ ਹੈ ਕਿ ਜੇਕਰ ਕਿਸੇ ਨੇ ਇਕ ਟੀਕਾ ਲਗਵਾਇਆ ਹੈ ਤਾਂ ਵੀ ਉਹ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸੀਐੱਮਸੀ ਵੈਲੂਰ (ਤਾਮਿਲ ਨਾਡੂ) ਦੇ ਅਧਿਐਨ ਦੇ ਨਤੀਜੇ ਵੀ ਇਕੋ ਜਿਹੇ ਹਨ। ਉਨ੍ਹਾਂ ਕਿਹਾ ਕਿ ਦੋ ਹੋਰ ਅਦਾਰਿਆਂ ਦੇ ਅਧਿਐਨ ਵੀ ਅਜਿਹੇ ਨਤੀਜੇ ਦਰਸਾ ਰਹੇ ਹਨ। -ਪੀਟੀਆਈ