ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਸਤੰਬਰ
ਸਨਅਤੀ ਸ਼ਹਿਰ ’ਚ ਨਹਿਰ ਨੇੜੇ ਫਲੈਟਾਂ ਦੇ ਪ੍ਰਾਜੈਕਟ ਦੀ ਸੀਐੱਲਯੂ ਦੀ ਜਾਂਚ ਕਰਨ ਮਗਰੋਂ ਫਾਈਲ ਗਾਇਬ ਹੋਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਅੱਜ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਸਨ, ਪਰ ਉਹ ਅੱਜ ਵੀ ਪੇਸ਼ ਨਹੀਂ ਹੋਏ।
ਇਸ ਮਗਰੋਂ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 8 ਸਤੰਬਰ ਦੀ ਤੈਅ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੇਸ਼ੀ ’ਤੇ ਹਾਜ਼ਰ ਹੋਣ ਸਬੰਧੀ ਹੁਕਮ ਜਾਰੀ ਹੋਣ ਮਗਰੋਂ ਸ੍ਰੀ ਸਿੱਧੂ ਦੇ ਵਕੀਲ ਨੇ ਅਰਜ਼ੀ ਦਿੱਤੀ ਸੀ ਕਿ ਸੁਰੱਖਿਆ ਕਾਰਨਾਂ ਕਰਕੇ ਸ੍ਰੀ ਸਿੱਧੂ ਨੂੰ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ, ਪਰ ਇਸ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰਦਿਆਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਹਦਾਇਤ ਕੀਤੀ ਸੀ ਕਿ ਸ੍ਰੀ ਸਿੱਧੂ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ’ਚ ਪੇਸ਼ ਕੀਤਾ ਜਾਵੇ। ਵਕੀਲ ਵੱਲੋਂ ਮੁੜ ਜ਼ਿਲ੍ਹਾ ਸੈਸ਼ਨ ਜੱਜ ਮਨੀਸ਼ ਸਿੰਗਲਾ ਦੀ ਅਦਾਲਤ ’ਚ ਅਰਜ਼ੀ ਲਾਈ ਗਈ ਸੀ, ਜਿਸ ਦੀ ਸੁਣਵਾਈ 7 ਸਤੰਬਰ ਨੂੰ ਹੋਵੇਗੀ।