ਪੱਤਰ ਪ੍ਰੇਰਕ
ਮਾਨਸਾ, 5 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵਿਦੇਸ਼ ਗਏ ਮਾਤਾ-ਪਿਤਾ ਅੱਜ ਦੇਸ਼ ਪਰਤ ਆਏ ਹਨ, ਉਹ ਤਿੰਨ ਦਿਨ ਪਹਿਲਾਂ ਕਿਸੇ ਬਾਹਰਲੇ ਮੁਲਕ ਚਲੇ ਗਏ ਸਨ। ਉਨ੍ਹਾਂ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਪਿੰਡ ਮੂਸਾ ਲਿਆਉਣ ਲਈ ਮਾਨਸਾ ਪੁਲੀਸ ਦਾ ਸੁਰੱਖਿਆ ਦਲ ਦਿੱਲੀ ਪੁੱਜ ਚੁੱਕਿਆ ਹੈ। ਉਨ੍ਹਾਂ ਦੇ ਵਾਪਸ ਆਉਣ ਸਬੰਧੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਲਕੌਰ ਸਿੰਘ ਸਿੱਧੂ ਅਤੇ ਚਰਨ ਕੌਰ ਅੱਜ ਸ਼ਾਮ ਨੂੰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਰ ਗਏ ਹਨ ਅਤੇ ਇਥੋਂ ਗਈ ਪੁਲੀਸ ਦੀ ਟੀਮ ਉਨ੍ਹਾਂ ਨੂੰ ਲੈ ਕੇ ਵਾਪਸ ਚੱਲ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਵਿਦੇਸ਼ਾਂ ਵਿੱਚ ਵੀ ਵਪਾਰਕ ਸਬੰਧ ਸਨ, ਜਿਸ ਸਬੰਧੀ ਉਸ ਦੇ ਮਾਪੇ ਵਿਦੇਸ਼ ਗਏ ਸਨ। ਮਰਹੂਮ ਗਾਇਕ ਵੀ ਕਤਲ ਤੋਂ ਇੱਕ ਹਫ਼ਤਾ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ।