ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜੂਨ
ਦਿੱਲੀ ਸਰਕਾਰ ਤੇ ਸਿਹਤ ਮਾਹਰਾਂ ਵੱਲੋਂ ਕੋਵਿਡ-19 ਦੀ ਤੀਜੀ ਲਹਿਰ ਆਉਣ ਦੇ ਖਦਸ਼ੇ ਪ੍ਰਗਟ ਕਰਨ ਦੇ ਬਾਵਜੂਦ ਰਾਜਧਾਨੀ ਦੇ ਬਾਜ਼ਾਰਾਂ ਵਿੱਚ ਥਾਂ-ਥਾਂ ਲੋਕਾਂ ਦੀ ਭੀੜ ਦੇਖੀ ਗਈ। ਲੋਕਾਂ ਵੱਲੋਂ ਸ਼ਰੇਆਮ ਕਰੋਨਾ ਨੇਮਾਂ ਦੀਆਂ ਧੱਜੀਆਂ ਉਡਾਈਆਂ। ਸਰਕਾਰ ਵੱਲੋਂ ਸੋਮਵਾਰ ਤੋਂ ਦਿੱਤੀਆਂ ਗਈਆਂ ਹੋਰ ਢਿੱਲਾਂ ਦੇ ਮੱਦੇਨਜ਼ਰ ਦਿੱਲੀ ਦੇ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਤੇ ਭੀੜੇ ਬਾਜ਼ਾਰਾਂ ਸਮੇਤ ਹੋਰ ਜਨਤਕ ਥਾਵਾਂ ਉਪਰ ਲੋਕਾਂ ਦੀ ਭੀੜ ਰਹੀ। ਜਾਣਕਾਰੀ ਮੁਤਾਬਿਕ ਸਦਰ ਬਾਜ਼ਾਰ, ਚਾਂਦਨੀ ਚੌਕ, ਕਨੌਟ ਪਲੇਸ ਜਿਹੇ ਇਲਾਕਿਆਂ ਵਿੱਚ ਲੋਕਾਂ ਦਾ ਹੜ੍ਹ ਦੇਖਣ ਨੂੰ ਮਿਲਿਆ। ਇੱਥੋਂ ਤੱਕ ਕਿ 50 ਫ਼ੀਸਦ ਪਾਬੰਦੀ ਵਾਲੀਆਂ ਥਾਵਾਂ ’ਤੇ ਵੀ ਲੋਕ ਕੋਵਿਡ-19 ਦੇ ਨੇਮਾਂ ਦੀ ਅਣਦੇਖੀ ਕਰਦੇ ਪਾਏ ਗਏ। ਦਿੱਲੀ ਦੇ ਬਾਜ਼ਾਰਾਂ ਨੂੰ ਆਮ ਵਾਂਗ ਖੋਲ੍ਹਣ ਦੀ ਮਨਜ਼ੂਰੀ ਮਿਲਣ ਮਗਰੋਂ ਇਨ੍ਹਾਂ ਥਾਵਾਂ ਉਪਰ ਭੀੜ ਵਧੀ ਹੈ। ਇਸ ਤੋਂ ਇਲਾਵਾ ਦਿੱਲੀ-ਨੋਇਡਾ ਐਕਸਪ੍ਰੈੱਸ ਵੇਅ ਉਪਰ ਸਵੇਰੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ ਤੇ ਕਰੀਬ 2 ਕਿਲੋਮੀਟਰ ਤੱਕ ਇਸ ਸੜਕ ’ਤੇ ਜਾਮ ਲੱਗਾ ਰਿਹਾ। ਰਾਜਧਾਨੀ ਦੇ ਰੁਝੇਵੇਂ ਵਾਲੇ ਆਈਟੀਓ, ਰੋਹਤਕ ਰੋਡ, ਕਾਲਿੰਦੀ ਕੁੰਜ ਤੇ ਬਦਰਪੁਰ ਬਾਰਡਰਾਂ ਉਪਰ ਬੀਤੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਗੱਡੀਆਂ ਸੜਕਾਂ ਉਪਰ ਉੱਤਰੀਆਂ, ਜਿਸ ਕਰਕੇ ਲੋਕਾਂ ਨੂੰ ਵੱਧ ਸਮਾਂ ਲਾਲ ਬੱਤੀਆਂ ’ਤੇ ਬਿਤਾਉਣਾ ਪਿਆ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੌਕਡਾਊਨ ਹਟਾਉਣ ਦੇ ਐਲਾਨ ਦੌਰਾਨ ਕਿਹਾ ਸੀ ਕਿ ਤੀਜੀ ਲਹਿਰ ਜ਼ਿਆਦਾ ਤੇਜ਼ੀ ਨਾਲ ਆ ਸਕਦੀ ਹੈ ਇਸ ਲਈ ਹਰਕੇ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਧਰ ਡਾਕਟਰਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਅਜੇ ਕਰੋਨਾ ਟੀਕਾਕਰਨ ਦੀ ਰਫ਼ਤਾਰ ਹੌਲੀ ਹੈ ਜਿਸ ਕਰਕੇ ਲੋਕਾਂ ਨੂੰ ਚੌਕਸ ਰਹਿਣਾ ਪਵੇਗਾ। ਚੇਤੇ ਰਹੇ ਇਸ ਵਾਰ ਦਿੱਲੀ ਵਿੱਚ ਕਰੋਨਾ ਫੈਲਣ ਦੇ ਕਾਰਨ ਆਕਸੀਜਨ ਦੀ ਭਾਰੀ ਕਮੀ ਦੇਖਣੀ ਪਈ ਸੀ ਜਿਸ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ।
ਰੈਸਤਰਾਂ ਮਾਲਕਾਂ ਵੱਲੋਂ ਗਾਹਕਾਂ ਨੂੰ ਖਾਣੇ ਵਿੱਚ ਰਿਆਇਤ
ਦਿੱਲੀ ਵਿੱਚ ਲੌਕਡਾਊਨ ਖੁੱਲ੍ਹਣ ਮਗਰੋਂ ਹੁਣ ਰਾਜਧਾਨੀ ਦੇ ਰੈਸਤਰਾਂ ਨੂੰ ਵੀ 50 ਫ਼ੀਸਦ ਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਜਿਸ ਮਗਰੋਂ ਰੈਸਤਰਾਂ ਪ੍ਰਬੰਧਕਾਂ ਨੇ ਗਾਹਕਾਂ ਨੂੰ ਖਿੱਚਣ ਲਈ ਲੋਕਾਂ ਨੂੰ ਰਿਆਇਤਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ਲੋਕਾਂ ਨੇ ਕਰੋਨਾ ਦੇ ਟੀਕੇ ਲਗਵਾਏ ਹੋਏ ਹਨ, ਨੂੰ ਖਾਣ ਵਾਲੀਆਂ ਚੀਜ਼ਾਂ ਉਪਰ 20 ਫੀਸਦ ਰਿਆਇਤ ਦਿੱਤੀ ਜਾ ਰਹੀ ਹੈ। ਇੱਕ ਰੈਸਤਰਾਂ ਦੇ ਮਾਲਕ ਨੇ ਕਿਹਾ ਕਿ ਉਹ ਕਰੋਨਾ ਵੈਕਸੀਨ ਲੈ ਚੁੱਕੇ ਲੋਕਾਂ ਨੂੰ 20 ਫ਼ੀਸਦੀ ਰਿਆਇਤ ਦੇ ਰਹੇ ਹਨ।