ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੂਨ
ਦਿੱਲੀ ਸਰਕਾਰ ਵੱਲੋਂ ਜਾਰੀ ਸਿਹਤ ਅੰਕੜਿਆਂ ਮੁਤਾਬਕ ਕੌਮੀ ਰਾਜਧਾਨੀ ਵਿੱਚ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਅੱਜ 12 ਰਹੀ ਤੇ ਹੁਣ ਮ੍ਰਿਤਕਾਂ ਦਾ ਅੰਕੜਾ ਦਿਨੋ-ਦਿਨ ਹੇਠਾਂ ਸਰਕਦਾ ਆ ਰਿਹਾ ਹੈ। 3 ਅਪਰੈਲ ਮਗਰੋਂ ਇਹ ਅੰਕੜਾ ਸਭ ਤੋਂ ਘੱਟ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕਰੋਨਾ ਕਾਰਨ ਹੁਣ ਤੱਕ 24851 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬੀਤੇ 24 ਘੰਟਿਆਂ ਦੌਰਾਨ 228 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੁੱਲ ਕਰੋਨਾ ਮਰੀਜ਼ਾਂ ਦੀ ਗਿਣਤੀ 1431498 ਤੱਕ ਪੁੱਜ ਗਈ ਹੈ। ਇਸ ਤੋਂ ਇਲਾਵਾ 364 ਲੋਕ ਠੀਕ ਹੋਣ ਮਗਰੋਂ ਘਰਾਂ ਨੂੰ ਚਲੇ ਗਏ। ਸਰਗਰਮ ਮਰੀਜ਼ ਵੀ ਹੁਣ 3078 ਹੀ ਰਹਿ ਗਏ ਹਨ ਤੇ ਪਾਜ਼ੇਟਿਵ ਦਰ 0.32 ਤੱਕ ਹੇਠਾਂ ਖਿਸਕ ਆਈ ਹੈ। ਲੋਕਾਂ ਦੇ ਠੀਕ ਹੋਣ ਦਾ ਫ਼ੀਸਦ ਵੀ 98 ਤੋਂ ਵੱਧ ਹੋ ਗਿਆ ਹੈ ਜਦੋਂ ਕਿ ਮੌਤ ਦਰ 1.74 ਹੋ ਗਈ ਹੈ। ਦੋਨਾਂ ਕਿਸਮਾਂ ਦੇ 71 ਹਜ਼ਾਰ ਤੋਂ ਵੱਧ ਟੈਸਟ ਕੀਤੇ ਗਏ। ਬੀਤੇ ਦਿਨ 16 ਲੋਕਾਂ ਦੀ ਮੌਤ ਹੋਈ ਸੀ ਤੇ 131 ਨਵੇਂ ਮਰੀਜ਼ ਮਿਲੇ ਸਨ। ਇਕਾਂਤਵਾਸ ਵਿੱਚ ਰਹਿੰਦੇ ਲੋਕਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਹੈ ਤੇ ਸੀਲਬੰਦ ਇਲਾਕਿਆਂ ਵਿੱਚ ਵੀ ਕਮੀ ਆਈ ਹੈ। ਇਸ ਦੇ ਨਾਲ ਹੀ ਕੋਵਿਡ ਬਿਸਤਰੇ ਵੀ ਰੋਜ਼ਾਨਾ ਖਾਲੀ ਹੋ ਰਹੇ ਹਨ।
ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਸਿਰਫ਼ 22 ਨਵੇਂ ਪਾਜ਼ੇਟਿਵ ਮਿਲੇ ਹਨ ਤੇ ਰਿਕਵਰੀ ਦਰ 97 ਪ੍ਰਤੀਸ਼ਤ ਤਕ ਪੁੱਜ ਗਈ ਹੈ। ਇਸ ਤੋਂ ਇਲਾਵਾ 23 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ, ਜਿਸ ਨਾਲ ਮਰੀਜ਼ਾਂ ਗਿਣਤੀ ਹੁਣ ਘਟ ਕੇ 168 ਰਹਿ ਗਈ ਹੈ। ਇਸ ਤੋਂ ਇਲਾਵਾ ਕਰੋਨਾ ਕਾਰਨ ਤਿੰਨ ਮੌਤਾਂ ਦੀ ਪੁਸ਼ਟੀ ਹੋਈ ਹੈ।
65 ਇਜ਼ਰਾਇਲੀ ਠੀਕ ਹੋ ਕੇ ਵਤਨ ਪਰਤੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਚਲਾਏ ਜਾ ਰਹੇ ਗੁਰੂ ਤੇਗ ਬਹਾਦਰ ਸਾਹਿਬ ਕਰੋਨਾ ਕੇਅਰ ਸੈਂਟਰ ਵਿਚੋਂ ਅੱਜ 65 ਇਜ਼ਰਾਇਲੀ ਵਿਅਕਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤੇ ।
ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਨ੍ਹਾਂ 87 ਲੋਕਾਂ ਨੂੰ ਕਰੋਲ ਬਾਗ ਦੇ ਹੋਟਲ ਵਿਚੋਂ ਲਿਆਂਦਾ ਗਿਆ ਸੀ। ਅੱਜ ਇਨ੍ਹਾਂ ਵਿਚੋਂ 65 ਲੋਕ ਤੰਦਰੁਸਤ ਹੋਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਹੀ ਕਹਿਣਗੇ ਕਿ ਇਹ ਸਥਾਨ ਜਿਥੇ ਲੋਕਾਂ ਨੂੰ ਮੁੜ ਜ਼ਿੰਦਗੀ ਮਿਲੀ ਹੈ ਉਸ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਚਾਹੀਦਾ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਾਲਕਾ ਨੇ ਕਿਹਾ ਕਿ ਉਹ ਸਰਨਾ ਜਾਂ ਕਿਸੇ ਹੋਰ ਦੀ ਨਾਂਹ ਪੱਖੀ ਰਾਜਨੀਤੀ ਬਾਰੇ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ।
ਉਨ੍ਹਾਂ ਕਿਹਾ, ‘ਅਸੀਂ ਗੁਰੂ ਸਾਹਿਬ ਦੀ ਰਹਿਮਤ ਸਦਕਾ ਮਨੁੱਖਤਾ ਦੀ ਸੇਵਾ ਕਰ ਰਹੇ ਹਾਂ ਤੇ ਅਸੀਂ ਕਿਸੇ ਦੀ ਵੀ ਨਾਂਹ ਪੱਖੀ ਗੱਲ ‘ਤੇ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੁੰਦੇ’ ਇਸ ਸੈਂਟਰ ਵਿਚ ਲੋਕਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ ਤੇ ਨਾ ਕਿਸੇ ਦਵਾਈ ਤੇ ਨਾ ਕੋਈ ਹੋਰ ਖਰਚ ਲਿਆ ਜਾ ਰਿਹਾ ਹੈ।