ਪੱਤਰ ਪ੍ਰੇਰਕ
ਜਗਰਾਉਂ, 5 ਸਤੰਬਰ
ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਐਂਟੀ ਨਾਰਕੋਟਿਕ ਸੈੱਲ ਦੀ ਮਹਿਲਾ ਅਧਿਕਾਰੀ ਵੱਲੋਂ ਹਿਰਾਸਤ ’ਚ ਲਏ ਗਏ ਅਫੀਮ ਤਸਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਂਟੀਨਾਰਕੋਟਿਕ ਸੈੱਲ ਦੇ ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਕਿਸ਼ਨਪੁਰਾ ਚੌਕ ਸਿੱਧਵਾਂ ਬੇਟ ’ਚ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਦੌਰਾਨ ਉਨ੍ਹਾਂ ਨੂੰ ਖਾਸ ਸੂਹੀਏ ਨੇ ਸੂਚਨਾ ਦਿੱਤੀ ਕਿ ਅਫੀਮ ਤਸਕਰ ਸਾਹਿਲ ਸ਼ਰਮਾ ਵਾਸੀ ਉਦੈ ਨੰਗਲ (ਬਾਬਾ ਬਕਾਲਾ) ਪਿਛਲੇ ਲੰਮੇ ਸਮੇਂ ਤੋਂ ਪੁਲੀਸ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ’ਚ ਅਫੀਮ ਦੀ ਸਪਲਾਈ ਕਰਦਾ ਹੈ। ਉਹ ਅੱਜ ਵੀ ਅਫੀਮ ਦੀ ਖੇਪ ਲੈ ਕੇ ਕਾਰ ਨੰਬਰ ਪੀਬੀ35 ਐਕਸ 4726 ਰਾਹੀਂ ਧਰਮਕੋਟ ਵਾਇਆ ਕਿਸ਼ਨਪੁਰਾ (ਮੋਗਾ) ਮਾਰਗ ਰਾਹੀਂ ਸਿੱਧਵਾਂ ਬੇਟ ਨੂੰ ਆ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਕਿਸ਼ਨਪੁਰਾ ਚੌਕ ਸਿੱਧਵਾਂ ਬੇਟ ਨੇੜੇ ਨਾਕਾ ਲਾਇਆ ਅਤੇ ਇਸ ਕਾਰ ਨੂੰ ਰੋਕ ਕੇ ਜਦੋਂ ਤਾਲਾਸ਼ੀ ਲਈ ਤਾਂ ਇਸ ’ਚੋਂ 250 ਗ੍ਰਾਮ ਅਫੀਮ ਬਰਾਮਦ ਹੋਈ।
ਇਸੇ ਤਰ੍ਹਾਂ ਥਾਣਾ ਹਠੂਰ ਦੀ ਪੁਲੀਸ ਨੇ ਮੋਟਰਸਾਈਕਲ ਨੰਬਰ ਪੀਬੀ10 ਡੀਐੱਕਸ 5734 ’ਤੇ ਸਵਾਰ ਕੰਵਰਪ੍ਰੀਤ ਸਿੰਘ ਉਰਫ ਗੋਰਖਾ ਵਾਸੀ ਬੱਧਣੀ ਕਲਾਂ ਅਤੇ ਅਵਤਾਰ ਸਿੰਘ ਵਾਸੀ ਬਾਬੇ ਕੀ ਪੱਤੀ ਚਕਰ ਨੂੰ ਹਿਰਾਸਤ ’ਚ ਲੈ ਕੇ ਦੋਵਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।