ਪੱਤਰ ਪ੍ਰੇਰਕ
ਬੋਹਾ, 15 ਜੂਨ
ਪਿੰਡ ਮਲਕਪੁਰ ਭੀਮੜਾ ਅਤੇ ਹਾਕਮ ਵਾਲਾ ਨੂੰ ਸਪਲਾਈ ਹੋ ਰਹੇ ਪੀਣ ਵਾਲੇ ਗੰਦੇ ਪਾਣੀ ਦਾ ਮਸਲਾ ਗਰਮਾਇਆ ਹੋਇਆ ਹੈ। ਗੰਦੇ ਪਾਣੀ ਨੂੰ ਰੋਕਣ ਲਈ ਧਰਨਾ ਦੇ ਰਹੇ ਇਲਾਕਾ ਵਾਸੀਆਂ ਖ਼ਿਲਾਫ਼ ਦਰਜ ਕੀਤੇ ਪਰਚਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਆਖਿਆ ਕਿ ਆਪਣੀਆਂ ਹੱਕੀ ਮੰਗਣਾ ਹਰੇਕ ਦਾ ਹੱਕ ਹੈ ਅਤੇ ਹੱਕ ਮੰਗਦੇ ਲੋਕਾਂ ’ਤੇ ਪਰਚੇ ਦਰਜ ਕਰਨਾ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ। ਵਿਧਾਇਕ ਨੇ ਆਖਿਆ ਕਿ ਦੋਵੇਂ ਪਿੰਡਾਂ ਨੂੰ ਸਪਲਾਈ ਹੋ ਰਹੇ ਪੀਣ ਵਾਲੇ ਗੰਦੇ ਪਾਣੀ ਦਾ ਮਸਲਾ ਉਨ੍ਹਾਂ ਨੇ ਪਹਿਲਾਂ ਵੀ ਵਿਧਾਨ ਸਭਾ ਵਿਚ ਪ੍ਰਸ਼ਨ ਨੰਬਰ 764 ਅਧੀਨ ਉਠਾਇਆ ਸੀ ਪਰ ਉਸ ’ਤੇ ਕਾਰਵਾਈ ਨਹੀਂ ਹੋਈ। ਇਸ ਉਪਰੰਤ ਉਨ੍ਹਾਂ ਨੇ ਬੀਤੇ ਦਿਨ ਸੀਵਰੇਜ ਬੋਰਡ ਦੇ ਸੀਈਓ ਨੂੰ ਮਿਲ ਕੇ ਉਕਤ ਸਮੱਸਿਆ ਦੇ ਹੱਲ ਲਈ ਮੰਗ ਪੱਤਰ ਵੀ ਦਿੱਤਾ ਹੈ, ਜਿਨ੍ਹਾਂ ਨੇ ਇਸ ਮਸਲੇ ਸਬੰਧੀ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ।