ਇਸਲਾਮਾਬਾਦ, 5 ਸਤੰਬਰ
ਪਾਕਿਸਤਾਨੀ ਸੈਨਾ ਨੇ ਅੱਜ ਫ਼ੌਜ ਮੁਖੀ ਦੀ ਨਿਯੁਕਤੀ ਸਬੰਧੀ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਨਿਖੇਧੀ ਕੀਤੀ ਹੈ। ਫ਼ੈਸਲਾਬਾਦ ਵਿੱਚ ਬੀਤੇ ਦਿਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਖ਼ਾਨ ਨੇ ਦੋਸ਼ ਲਗਾਇਆ ਸੀ ਕਿ ਸਰਕਾਰ ਨਿਰਪੱਖ ਚੋਣਾਂ ਤੋਂ ਡਰਦੀ ਹੈ ਅਤੇ ਨਵੰਬਰ ਦੇ ਅਖ਼ੀਰ ਤੱਕ ਨਵੇਂ ਫ਼ੌਜ ਮੁਖੀ ਦੀ ਨਿਯੁਕਤੀ ਤੱਕ ਚੋਣਾਂ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਾਕਿਸਤਾਨੀ ਥਲ ਸੈਨਾ ਦੇ ਮੌਜੂਦਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਵੰਬਰ ਵਿੱਚ ਸੇਵਾਮੁਕਤ ਹੋਣਗੇ। ਇਮਰਾਨ ਖ਼ਾਨ ਨੇ ਦੋਸ਼ ਲਾਉਂਦਿਆਂ ਕਿਹਾ ਸੀ ਕਿ, ‘‘ਆਸਿਫ਼ ਅਲੀ ਜ਼ਰਦਾਰੀ ਤੇ ਨਵਾਜ਼ ਸ਼ਰੀਫ਼ ਆਪਣੇ ਮਨਪਸੰਦ ਵਿਅਕਤੀ ਨੂੰ ਸੈਨਾ ਦੇ ਮੁਖੀ ਵਜੋਂ ਨਿਯੁਕਤ ਕਰਨਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਲੋਕਾਂ ਦਾ ਪੈਸਾ ਲੁੱਟਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਜਦੋਂ ਦੇਸ਼ਭਗਤ ਸੈਨਾ ਮੁੁਖੀ ਆਵੇਗਾ ਤਾਂ ਉਹ ਉਨ੍ਹਾਂ ਦੀ ਇਸ ਲੁੱਟ ਬਾਰੇ ਪੁੱਛੇਗਾ।’’ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨੀ ਸੈਨਾ ਇਮਰਾਨ ਖ਼ਾਨ ਵੱਲੋਂ ਸੈਨਾ ਦੀ ਅਗਵਾਈ ਬਾਰੇ ਅਪਮਾਨਜਨਕ ਤੇ ਗ਼ੈਰ-ਜ਼ਰੂਰੀ ਬਿਆਨ ਦੇਣ ਦੀ ਨਿਖੇਧੀ ਕਰਦੀ ਹੈ। ਉਨ੍ਹਾਂ ਬਿਆਨ ਵਿੱਚ ਕਿਹਾ, ‘‘ਬੜੇ ਦੁੱਖ ਦੀ ਗੱਲ ਹੈ ਕਿ ਸੈਨਾ ਦੇ ਵਿਸ਼ੇਸ਼ ਅਧਿਕਾਰੀਆਂ ਨੂੰ ਅਜਿਹੇ ਸਮੇਂ ਬਦਨਾਮ ਤੇ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਦੋਂ ਫੌਜ ਦੇ ਜਵਾਨ ਹਰ ਦਿਨ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਜਾਨਾਂ ਵਾਰ ਰਹੇ ਹਨ।’’ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਤੇ ਹੋਰ ਆਗੂਆਂ ਨੇ ਹਥਿਆਰਬੰਦ ਬਲਾਂ ਖ਼ਿਲਾਫ਼ ਟਿੱਪਣੀ ਨੂੰ ‘ਜ਼ਹਿਰੀਲਾ ਦੋਸ਼’ ਕਰਾਰ ਦਿੱਤਾ ਹੈ। ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਵੀ ਬਿਆਨ ਦੀ ਨਿਖੇਧੀ ਕੀਤੀ ਹੈ। -ਪੀਟੀਆਈ