ਖੇਤਰੀ ਪ੍ਰਤੀਨਿਧ
ਪਟਿਆਲਾ, 15 ਜੂਨ
ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਇੱਥੇ ਮੇਅਰ ਸੰਜੀਵ ਬਿੱਟੂ ਦੀ ਅਗਵਾਈ ਹੇਠਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਇਸ ਦੌਰਾਨ ਦੋ ਲੱਖ ਤੋਂ ਵੱਧ ਆਬਾਦੀ ਵਾਲ਼ੀਆਂ ਸ਼ਹਿਰ ਦੀ ਹੱਦ ਤੋਂ ਬਾਹਰਲੀਆਂ 40 ਕਲੋਨੀਆਂ ਨੂੰ ਵੀ ਨਹਿਰੀ ਪਾਣੀ ’ਤੇ ਆਧਾਰਿਤ ਪੀਣ ਵਾਲ਼ੇ ਪ੍ਰਾਜੈਕਟ ਨਾਲ਼ ਜੋੜਨ ਦੇ ਮਤੇ ’ਤੇ ਮੋਹਰ ਲਾ ਦਿੱਤੀ ਜਦੋਂਕਿ ਨਿਗਮ ਦੀਆਂ 69 ਦੁਕਾਨਾਂ ਦੇ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦਾ ਰਾਹ ਵੀ ਪੱਧਰਾ ਕਰ ਦਿੱਤਾ। 44 ਕੌਂਸਲਰਾਂ ਦੀ ਸ਼ਮੂਲੀਅਤ ਵਾਲ਼ੀ ਇਸ ਮੀਟਿੰਗ ਦੌਰਾਨ ਪੁਰਾਣੀ ਸਬਜ਼ੀ ਮੰਡੀ ਦੀ ਸੜਕ ਨੂੰ ਨਾਨ ਵੈਂਡਰ ਜ਼ੋਨ ਐਲਾਨ ਦਿੱਤਾ ਗਿਆ ਹੈ। ਜਿਨ੍ਹਾਂ ਨਾਲਿਆਂ ਵਿੱਚ ਪਾਈਪਾਂ ਪਾ ਕੇ ਬੰਦ ਕਰਨ ਮਗਰੋਂ ਨਵੀਆਂ ਸੜਕਾਂ ਤਿਆਰ ਕੀਤੀਆਂ ਗਈਆਂ ਹਨ, ’ਤੇ ਪੈਂਦੀ ਕਿਸੇ ਹੀ ਇਮਾਰਤ ਵਿੱਚ ਵਪਾਰਕ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਮੀਟਿੰਗ ਦੌਰਾਨ ਸਾਰੇ 42 ਪ੍ਰਸਤਾਵ ਪਾਸ ਕਰ ਲਏ ਗਏ।