ਰੂਪ ਲਾਲ ਰੂਪ
ਪ੍ਰਿੰਸੀਪਲ ਮਲੂਕ ਚੰਦ ਕਲੇਰ ਚੜ੍ਹਦੇ ਪੰਜਾਬ ਵਿਚੋਂ ਪਰਵਾਸ ਕਰ ਕੇ ਕੈਨੇਡਾ ਜਾ ਵਸਿਆ ਹੈ। ਪੰਜਾਹਵਿਆਂ ਦੇ ਪੰਜਾਬ ਦਾ ਉਹ ਹਾਣੀ ਹੋਣ ਕਾਰਨ ਉਸ ਨੇ ਗੁਰਬਤ ਨਾਲ ਘੁਲਦੇ ਅਤੇ ਹੱਡ ਭੰਨਵੀਂ ਮਿਹਨਤ ਕਰਦੇ ਲੋਕ ਅੱਖੀਂ ਡਿੱਠੇ ਹਨ। ਸਾਢੇ ਤਿੰਨ-ਤਿੰਨ ਰੁਪਏ ’ਤੇ ਦਿਹਾੜੀ ਕਰ ਕੇ ਆਪਣੇ ਰਾਹੀਂ ਪਾਣੀ ਉਸ ਨੇ ਆਪ ਤਰੌਂਕਿਆ ਹੈ। ਬੁਣਕਰ ਬਾਪ ਦੇ ਹੱਥੀਂ ਬੁਣੇ ਖੱਦਰ ਦੇ ਕੱਪੜੇ ਪਹਿਨਦਾ ਉਹ ਓਟੀ ਕਰਕੇ ਸਿੱਖਿਆ ਵਿਭਾਗ, ਪੰਜਾਬ ਵਿਚ ਪੰਜਾਬੀ ਅਧਿਆਪਕ ਲੱਗ ਗਿਆ। ਗੁਰਬਤ ਅਤੇ ਜਾਤ-ਪਾਤ ਦੇ ਝੱਖੜ ਚੀਰਦਾ ਸਕੂਲੀ ਸਮੇਂ ਆਮ ਵਿਦਿਆਰਥੀ ਰਿਹਾ ਹੋਣ ਦੇ ਬਾਵਜੂਦ ਅਧਿਆਪਕ ਜ਼ਰੂਰ ਉਹ ਖ਼ਾਸ ਬਣ ਗਿਆ।
ਪੰਜਾਬੀ ਅਧਿਆਪਕ ਵਜੋਂ ਪ੍ਰਸਿੱਧ ਲੇਖਕਾਂ ਦੀਆਂ ਕਿਰਤਾਂ ਪੜ੍ਹਦਾ ਅਤੇ ਪੜ੍ਹਾਉਂਦਾ ਉਹ ਸਾਹਿਤਕ ਰੰਗ ਵਿਚ ਰੰਗਿਆ ਗਿਆ। ਇਹ ਰੰਗ ਉਸ ਨੂੰ ਹੋਰ ਵੀ ਦੂਣ ਸਵਾਇਆ ਚੜ੍ਹਿਆ ਕਿਉਂਕਿ ਉਸ ਦੇ ਪਿਤਾ ਨੂੰ ਚੌਧਰੀ ਜਗਤ ਰਾਮ ਦਾ ‘ਰੂਪ ਬਸੰਤ’ ਕਿੱਸਾ ਜ਼ੁਬਾਨੀ ਯਾਦ ਸੀ। ਉਹ ਅਕਸਰ ਆਪਣੇ ਸੰਗੀ-ਸਾਥੀਆਂ ਵਿਚ ਹੇਕ ਲਾ ਕੇ ਗਾਉਂਦਾ ਤਾਂ ਉਹ ਬੜੇ ਗਹੁ ਨਾਲ ਸੁਣਦਾ। ਇਸ ਤਰ੍ਹਾਂ ਕਈ ਨਵੇਂ ਸ਼ਬਦ ਅਚੇਤ ਹੀ ਉਸ ਦੇ ਮਨ ’ਤੇ ਉਕਰੇ ਗਏ। ਇਸੇ ਸ਼ਬਦ ਭੰਡਾਰ ਨੇ ਉਂਗਲ ਫੜ ਕੇ ਉਸ ਨੂੰ ਨਾਲ ਤੋਰ ਲਿਆ ਤਾਂ ਉਸ ਨੇ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਉਲਫਤ ਬਾਜਵਾ, ਪ੍ਰਿੰਸੀਪਲ ਸੁਜਾਨ ਸਿੰਘ, ਪ੍ਰੋ. ਨਰਿੰਜਨ ਤਸਨੀਮ, ਬਲਵੀਰ ਮਾਧੋਪੁਰੀ, ਪ੍ਰੇਮ ਗੋਰਕੀ, ਰਸੂਲ ਹਮਜਾਤੋਵ ਆਦਿ ਧਰਤੀ ਨਾਲ ਜੁੜੇ ਲੇਖਕਾਂ ਦੀਆਂ ਸ਼ਾਹਕਾਰ ਕਿਰਤਾਂ ਨੂੰ ਸੰਜੀਦਗੀ ਨਾਲ ਪੜ੍ਹਿਆ। ਇਸ ਅਧਿਐਨ ਨਾਲ ਉਸ ਨੂੰ ਆਪਣੀ ਮੰਜ਼ਿਲ ਦਿਸ ਪਈ। ਉਹ ਨੌਕਰੀ ਦੇ ਨਾਲ ਨਾਲ ਬੀਏ, ਬੀਐੱਡ ਅਤੇ ਐੱਮਏ (ਹਿਸਟਰੀ) ਪਾਸ ਕਰ ਗਿਆ। ਉਸ ਦੇ ਕਲਮਬੰਦ ਵਿਚਾਰਾਂ ਨੂੰ ਰਸਾਲਿਆਂ ਅਤੇ ਅਖ਼ਬਾਰਾਂ ਵਿਚ ਮਾਨਤਾ ਮਿਲਣ ਲੱਗੀ। ਸਾਲ 1992 ਵਿਚ ਆਲ ਇੰਡੀਆ ਰੇਡੀਓ, ਜਲੰਧਰ ਦੇ ਸਕੂਲੀ ਪ੍ਰੋਗਰਾਮ ਨਾਲ ਉਹ ਪੱਕਾ ਜੁੜ ਗਿਆ ਤੇ ਲਗਭਗ 15 ਸਾਲ ਉਹ ਇਸ ਦਾ ਹਿੱਸਾ ਰਿਹਾ। ਸਕੂਲ ਅਧਿਆਪਕ ਦੇ ਤੌਰ ’ਤੇ ਉਸ ਦਾ ਇਹ ਵੱਡਾ ਹਾਸਲ ਸੀ।
ਸਾਲ 2008 ਵਿਚ ਸੇਵਾ ਮੁਕਤੀ ਉਪਰੰਤ ਉਹ ਕੈਨੇਡਾ ਜਾ ਵਸਿਆ। ਏਸੇ ਹੀ ਵਰ੍ਹੇ ‘ਕੋਰੇ ਘੜੇ ਦਾ ਪਾਣੀ’ ਸਵੈ ਜੀਵਨੀ ਨੁਮਾ ਨਾਵਲ ਨਾਲ ਪੰਜਾਬੀ ਸਾਹਿਤ ਦੇ ਬੂਹੇ ਉਸ ਨੇ ਪਹਿਲਾ ਪੱਬ ਧਰਿਆ। ਇਸ ਨਾਵਲ ਦੇ ਛੋਟੇ ਛੋਟੇ 41 ਲੇਖਾਂ ਵਿਚ ਆਪਣੇ ਸੰਘਰਸ਼ਮਈ ਜੀਵਨ ਦੀ ਉਸ ਨੇ ਬਾਤ ਵੀ ਸੁਣਾਈ ਅਤੇ ਪੁਰਾਣੇ ਪੰਜਾਬ ਦੇ ਸੱਭਿਆਚਾਰ ਨਾਲ ਸਾਂਝ ਵੀ ਪੁਆਈ ਹੈ। ‘ਸੂਰਜ ਉੱਗ ਪਿਆ’ ਉਸ ਦਾ ਦੂਸਰਾ ਨਾਵਲ 2012 ਵਿਚ ਆਇਆ। ਇਸ ਵਿਚ ਜੰਗਲ ਦੇ ਸਭ ਛੋਟੇ-ਮੋਟੇ ਜਾਨਵਰਾਂ ਦੇ ਏਕੇ ਨਾਲ ਉਹ ਖੂੰਖਾਰ ਸ਼ੇਰ ਨੂੰ ਬੇਦਖਲ ਕਰ ਕੇ ਇਕ ਖ਼ੂਬਸੂਰਤ ਰਾਜਸੀ ਢਾਂਚੇ ਦੀ ਸਿਰਜਣਾ ਕਰਦਾ ਹੈ। ਉਹ ਇਸ ਨੂੰ ਸਹੀ ਲੋਕਤੰਤਰ ਦਾ ਨਾਮ ਦਿੰਦਾ ਹੈ। ਬੇਸ਼ੱਕ ਸੰਸਕ੍ਰਿਤ ਸਾਹਿਤ ਵਿਚ ਜਾਨਵਰਾਂ ਦੇ ਸੰਵਾਦ ਵਾਲੀਆਂ ਅਨੇਕਾਂ ਕਹਾਣੀਆਂ ਪਹਿਲਾਂ ਤੋਂ ਮੌਜੂਦ ਹਨ; ਪਰ ਕਿਸੇ ਚਾਲੂ ਨਿਜ਼ਾਮ ਨੂੰ ਬਦਲਣ ਵਿਚ ਉਸ ਦਾ ਕਈ ਕੁਝ ਆਪਣਾ ਹੈ। ਜੋ ਇਸ ਨਾਵਲ ਦੀ ਖੂਬੀ ਹੈ।
‘ਜੰਗਲ ਵਿਚ ਚੋਣ’ 2014 ਵਿਚ ਆਇਆ ਉਸ ਦਾ ਤੀਸਰਾ ਨਾਵਲ ਹੈ। ਇਸ ਬਾਲ ਨਾਵਲ ਦਾ ਮਕਸਦ ਬੱਚਿਆਂ ਦੀ ਕੁਦਰਤ ਨਾਲ ਸਾਂਝ ਪੁਆਉਣਾ ਅਤੇ ਉਨ੍ਹਾਂ ਦੀ ਰਾਜਸੀ ਸੂਝ ਦਾ ਚੰਡ ਤੇਜ਼ ਕਰਨਾ ਹੈ। ਦੂਜਾ ਇਹ ਕੂਟਨੀਤਕ ਜੁਗਤਾਂ ਦਾ ਸੰਚਾਰ ਕਰਦਾ ਹੋਣ ਕਾਰਨ ਆਪਣੀ ਅਲੱਗ ਪਛਾਣ ਰੱਖਦਾ ਹੈ। ‘ਤਲਾਸ਼ ਜਾਰੀ ਹੈ’ ਨਾਵਲ 2018 ਵਿਚ ਛਪਿਆ ਉਸ ਦਾ ਚੌਥਾ ਨਾਵਲ ਹੈ। ਇਸ ਨੂੰ ਸੰਸਾਰ ਪੱਧਰ ਦੇ ਲਗਭਗ 66 ਨਾਵਲਾਂ ਦੀ ਪੁੱਠ ਚੜ੍ਹੀ ਹੋਈ ਹੈ। ਇਸ ਲਈ ਇਸ ਦਾ ਪਲਾਟ ਬਹੁਤ ਦਿਲਚਸਪ ਹੈ। ਇਸ ਨੂੰ ਪੜ੍ਹ ਕੇ ਦੁਨੀਆ ਭਰ ਦੇ ਵੰਨ- ਸੁਵੰਨੇ ਚਰਚਿਤ ਵਿਚਾਰਾਂ ਨਾਲ ਪਾਠਕ ਦੀ ਸਾਂਝ ਪੈ ਜਾਂਦੀ ਹੈ। ਏਸੇ ਨਾਵਲ ਵਿਚ ਉਹ ‘ਮੀਕੇ’ ਤੋਂ ‘ਮਲੂਕ’ ਦਾ ਸਫ਼ਰ ਤੈਅ ਕਰਦਾ ਹੈ। ਮਸਤਕ ਵਿਚ ਗਿਆਨ ਦਾ ਸੂਰਜ ਉੱਗਣ ’ਤੇ ਉਹ ਪ੍ਰਿੰਸੀਪਲ ਮਲੂਕ ਚੰਦ ਬਣ ਜਾਂਦਾ ਹੈ। ਲੇਖਕ ਦਰਪੇਸ਼ ਸਮੱਸਿਆਵਾਂ ਨਾਲ ਸੰਘਰਸ਼ਸ਼ੀਲ ਯੋਧੇ ਵਾਂਗ ਜੂਝਦਾ ਹੈ ਅਤੇ ਅੰਤ ਫਤਿਹ ਪ੍ਰਾਪਤ ਕਰਦਾ ਹੈ। ਇਸ ਲਈ ਲੇਖਕ ਦੇ ਬੇਸ਼ਕੀਮਤੀ ਅਨੁਭਵ ਅਤਿਅੰਤ ਪ੍ਰੇਰਨਾਦਾਇਕ ਹਨ। ਇਹ ਨਾਵਲ ਪਾਠਕ ਨੂੰ ਚੰਗਾ ਇਨਸਾਨ ਬਣਾਉਣ ਦੇ ਨਾਲ ਨਾਲ ਉਸ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਸਮਰੱਥ ਵੀ ਹੈ।
ਉਸ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਅੱਜ ਵੀ ਕਾਇਮ ਹੈ। ਕੈਨੇਡਾ ਆ ਕੇ ਉਸ ਨੇ ਸਾਹਿਤਕ ਖੇਤਰ ਵਿਚ ਆਪਣੀ ਅਲੱਗ ਪਛਾਣ ਬਣਾਈ ਹੈ। ਉਸ ਨੇ ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ, ਕੈਨੇਡਾ ਦੀ ਸਥਾਪਨਾ 21 ਅਕਤੂਬਰ 2018 ਨੂੰ ਕੀਤੀ ਜੋ ਨਵੇਂ ਸਾਹਿਤ ਪ੍ਰੇਮੀਆਂ ਦਾ ਮਾਰਗ ਦਰਸ਼ਨ ਕਰੇਗੀ। ਏਸੇ ਮੰਚ ਤੋਂ ਉਸ ਨੇ ਆਪਣੇ ਨਾਵਲ ‘ਤਲਾਸ਼ ਜਾਰੀ ਹੈ’ ਦੀ ਘੁੰਡ ਚੁਕਾਈ ਕਰ ਕੇ ਚੇਤਿਆਂ ਵਿਚੋਂ ਵਿਸਰਦੇ ਜਾ ਰਹੇ ਲੋਕ ਕਵੀ ਗੁਰਦਾਸ ਰਾਮ ਆਲਮ ਦਾ ਨਾਮ ਕੈਨੇਡਾ ਵਿਚ ਵੀ ਸੁਰਜੀਤ ਕਰ ਦਿੱਤਾ ਹੈ। ਸਮੁੱਚੇ ਤੌਰ ’ਤੇ ਉਸ ਦੇ ਚਾਰੋ ਨਾਵਲਾਂ ਦੀ ਥੋੜ੍ਹੇ ਸ਼ਬਦਾਂ ਵਿਚ ਗੱਲ ਕਰਨੀ ਹੋਵੇ ਤਾਂ ਇਹ ਹਾਸ਼ੀਏ ’ਤੇ ਖੜ੍ਹੇ ਵਿਅਕਤੀ ਨੂੰ ਮਾਰੀ ਇਕ ਹਾਕ ਹੈ, ਜੋ ਉਸ ਦੀ ਬਾਂਹ ਫੜਨ ਲਈ ਉਤਾਵਲੀ ਹੈ।
ਸੰਪਰਕ: 94652-25722