ਮਿਹਰ ਸਿੰਘ
ਕੁਰਾਲੀ, 4 ਸਤੰਬਰ
ਨੇੜਲੇ ਪਿੰਡ ਸਿੰਘਪੁਰਾ ਤੇ ਕਾਲੇਵਾਲ ਵਿਚਾਲੇ ਨਵੇਂ ਖੁੱਲ੍ਹ ਰਹੇ ਕੰਕਰੀਟ ਪਲਾਂਟ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਅੱਜ ਰੋਸ ਪ੍ਰਗਟਾਵਾ ਕੀਤਾ ਗਿਆ। ਪਿੰਡ ਵਾਸੀਆਂ ਦੇ ਵਿਰੋਧ ਨੂੰ ਦੇਖਦਿਆਂ ਐੱਸਡੀਐੱਮ ਖਰੜ ਵੱਲੋਂ ਸਿੰਘਪੁਰਾ ਦਾ ਦੌਰਾ ਕਰਦਿਆਂ ਮੌਕੇ ਦੇਖ ਕੇ ਇਲਾਕਾ ਵਾਸੀਆਂ ਦਾ ਪੱਖ ਜਾਣਿਆ ਗਿਆ। ਇਸ ਮੌਕੇ ਇਕੱਤਰ ਹੋਏ ਅਰਵਿੰਦਰ ਸਿੰਘ ਪੈਂਟਾ, ਸਰਪੰਚ ਸਾਧੂ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਜ਼ੈਲਦਾਰ ਕਮਲਜੀਤ ਸਿੰਘ ਅਤੇ ਹੋਰਨਾਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਿੰਘਪੁਰਾ ਅਤੇ ਕਾਲੇਵਾਲ ਵਿਚਾਲੇ ਇੱਕ ਵੱਡਾ ਕੰਕਰੀਟ ਮਿਕਸਰ ਪਲਾਂਟ ਲੱਗ ਰਿਹਾ ਹੈ। ਇਸ ਕੰਕਰੀਟ ਪਲਾਂਟ ਦੇ ਲੱਗਣ ਕਾਰਨ ਇਨ੍ਹਾਂ ਪਿੰਡਾਂ ਵਿੱਚ ਵੱਸਣ ਵਾਲੇ ਲੋਕਾਂ ਦੀ ਸਿਹਤ ਉੱਤੇ ਮਾੜਾ ਅਸਰ ਪਵੇਗਾ। ਇਸ ਦੇ ਨਾਲ ਹੀ ਇਸ ਕੰਕਰੀਟ ਪਲਾਂਟ ਦੇ ਦੋ-ਤਿੰਨ ਸੌ ਮੀਟਰ ਦੇ ਦਾਇਰੇ ਅੰਦਰ ਦੋ ਸਕੂਲ ਹਨ। ਉਨ੍ਹਾਂ ਕਿਹਾ ਕਿ ਇਸ ਕੰਕਰੀਟ ਪਲਾਂਟ ਵਿੱਚੋਂ ਉੱਡਣ ਵਾਲੀ ਮਿੱਟੀ, ਸੀਮਿੰਟ ਅਤੇ ਧੂੜ ਕਾਰਨ ਵਿਦਿਆਰਥੀਆਂ ਨੂੰ ਸਾਹ ਅਤੇ ਅੱਖਾਂ ਨਾਲ ਸਬੰਧਤ ਵੱਖ-ਵੱਖ ਬਿਮਾਰੀਆਂ ਲੱਗ ਸਕਦੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਲਿੰਕ ਰੋਡ ਤੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਅਤੇ ਆਮ ਲੋਕ ਲੰਘਦੇ ਹਨ, ਜਿਸ ਕਰ ਕੇ ਇਸ ਕੰਕਰੀਟ ਪਲਾਂਟ ਵਿੱਚ ਆਉਣ‘ਜਾਣ ਵਾਲੇ ਟਿੱਪਰਾਂ ਕਾਰਨ ਸੜਕ ਹਾਦਸੇ ਵਾਪਰਨ ਦਾ ਖ਼ਤਰਾ ਵੀ ਬਣਿਆ ਰਹੇਗਾ। ਦੂਜਾ ਇਨ੍ਹਾਂ ਟਿੱਪਰਾਂ ਨਾਲ ਲਿੰਕ ਰੋਡ ਨੂੰ ਵੀ ਭਾਰੀ ਨੁਕਸਾਨ ਪੁੱਜੇਗਾ। ਪਿੰਡ ਵਾਸੀਆਂ ਦੀ ਸਮੱਸਿਆ ਦੇ ਹੱਲ ਲਈ ਐੱਸਡੀਐੱਮ ਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਲੋਕਾਂ ਦਾ ਪੱਖ ਸੁਣਿਆ। ਐੱਸਡੀਐੱਮ ਨੇ ਦੱਸਿਆ ਕਿ ਮਿਕਸਰ ਪਲਾਂਟ ਲਗਾਉਣ ਲਈ ਹਾਲੇ ਤੱਕ ਪ੍ਰਦੂਸ਼ਣ ਬੋਰਡ ਵੱਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਬੋਰਡ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ।