ਮੁਹਾਲੀ, 15 ਜੂਨ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੂੰ ਖਿੰਡਾਉਣ ਲਈ ਪੁਲੀਸ ਨੇ ਮੰਗਲਵਾਰ ਨੂੰ ਪਾਣੀਆਂ ਦੀਆਂ ਬੁਛਾੜਾਂ ਛੱਡੀਆਂ। ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪ੍ਰਦਰਸ਼ਨਕਾਰੀਆਂ ਨੇ ‘ਫਤਹਿ ਕਿੱਟ’ ਖਰੀਦ ਵਿੱਚ ਬੇਨੇਮੀਆਂ ਅਤੇ ਕੋਵਿਡ-19 ਰੋਕੂ ਟੀਕੇ ਨਿਜੀ ਹਸਪਤਾਲਾਂ ਨੂੰ ਦੇਣ ਸਮੇਤ ਹੋਰਨਾਂ ਕਈ ਮੁੱਦਿਆਂ ’ਤੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕਰਨ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਪਹਿਲੀ ਵਾਰ ਇਕੱਠੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੀ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਸ ਦੌਰਾਨ ਪੁਲੀਸ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲਿਆ। ਮੁੱਖ ਮੰਤਰੀ ਦੀ ਕੋਠੀ ਵੱਲ ਜਾਣ ਵਾਲੀ ਸੜਕ ’ਤੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਸੀ ਅਤੇ ਥਾਂ ਥਾਂ ’ਤੇ ਬੈਰੀਕੇਡ ਲਗਾਏ ਗਏ ਸਨ। ਸ਼ੋ੍ਮਣੀ ਅਕਾਲੀ ਦਲ ਅਤੇ ਬਸਪਾ ਨੇ ਸਿਸਵਾਂ (ਮੁਹਾਲੀ) ਸਥਿਤ ਮੁੱਖ ਮੰਤਰੀ ਨਿਵਾਸ ਨੂੰ ਘੇਰਨ ਦੀ ਯੋਜਨਾ ਬਣਾਈ ਸੀ। -ਏਜੰਸੀ