ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਫਰਵਰੀ
ਰਾਖਵਾਂ ਹਲਕਾ ਜਗਰਾਉਂ ਦੇ ਪਿੰਡ ਸਿੱਧਵਾਂ ਕਲਾਂ ’ਚ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਕਰਨ ਤੇ ਵੋਟਾਂ ਮੰਗਣ ਪਹੁੰਚੇ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ ਕਿਸਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਮੇਂ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਨੌਜਵਾਨ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਜਦੋਂ ਬਾਦਲੀਲ ਤਰਕ ਨਾਲ ਸੰਵਾਦ ਰਚਾਉਣਾ ਚਾਹਿਆ ਤਾਂ ਗੰਭੀਰ ਮੁੱਦਿਆਂ ’ਤੇ ਚਰਚਾ ਕਰਨ ’ਚ ਜੱਗਾ ਹਿੱਸੋਵਾਲ ਥਿੜਕ ਗਏ। ਇਸ ’ਤੇ ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ ਤੇ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਵਿਚਕਾਰ ਪੈ ਕੇ ਮਾਹੌਲ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਸਮੇਂ ਭਰਵੇਂ ਇਕੱਠ ’ਚ ‘ਆਪ’ ਛੱਡ ਕੇ ਕਾਂਗਰਸ ’ਚ ਆਏ ਉਮੀਦਵਾਰ ਜੱਗਾ ਹਿੱਸੋਵਾਲ ਨੂੰ ਅਮਰੀਕਾ ਤੋਂ ਪਰਤੇ ਅਤੇ ਇਕ ਸਾਲ ਤੋਂ ਕਿਸਾਨ ਸੰਘਰਸ਼ ’ਚ ਮੋਹਰੀ ਭੂਮਿਕਾ ਅਦਾ ਕਰ ਰਹੇ ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਗੁਰਪ੍ਰੀਤ ਸਿੱਧਵਾਂ ਦੀ ਅਗਵਾਈ ’ਚ ਕਿਸਾਨਾਂ ਨੇ ਪੁੱਛਿਆ ਕਿ ਕੀ ਉਹ ਦੇਸ਼ ਭਰ ’ਚ ਕਾਂਗਰਸ ਵੱਲੋਂ ਪਿਛਲੇ ਤੀਹ ਸਾਲਾਂ ਤੋਂ ਲਾਗੂ ਕੀਤੀਆਂ ਗਈਆਂ ਨਿੱਜੀਕਰਨ ਤੇ ਠੇਕੇਦਾਰੀ ਦੀਆਂ ਨੀਤੀਆਂ ਦੇ ਹੱਕ ’ਚ ਹਨ ਕਿ ਵਿਰੋਧ ’ਚ? ਜੱਗਾ ਹਿੱਸੋਵਾਲ ਦਾ ਜਵਾਬ ਸੀ ਕਿ ਉਹ ਇਨ੍ਹਾਂ ਨੀਤੀਆਂ ਦੇ ਵਿਰੋਧੀ ਹਨ ਤਾਂ ਫਿਰ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਨੀਤੀਆਂ ਤੋਂ ਉਲਟ ਹੋ ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ, ਜਦੋਂ ਪੁੱਛਿਆ ਗਿਆ ਕਿ ਤੁਸੀਂ ਸੰਸਾਰ ਵਪਾਰ ਸੰਸਥਾ ਦੇ ਹੱਕ ’ਚ ਹੋ ਕਿ ਉਲਟ। ਉਨ੍ਹਾਂ ਨੇ ਕਿਹਾ ਕਿ ਉਲਟ ਹਨ ਤਾਂ ਫਿਰ ਅਗਲਾ ਸਵਾਲ ਪੁੱਛਿਆ ਕਿ ਕਾਂਗਰਸ ਦੇ ਮਰਹੂਮ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਰਾਜ ’ਚ ਤਾਂ ਡਬਲਿਊਟੀਓ ਦੀਆਂ ਸਭ ਸ਼ਰਤਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਤਾਂ ਕਾਂਗਰਸੀ ਉਮੀਦਵਾਰ ਲਾਜਵਾਬ ਹੋ ਗਏ। ਇਸ ਸਮੇਂ ਕਿਸਾਨ ਆਗੂਆਂ ਨੇ ਫ਼ਸਲਾਂ ਦੇ ਖ਼ਰਾਬੇ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਅਜੇ ਤੱਕ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਨਾ ਹੋਣ, ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਨਾ ਦੇਣ, ਕਰੋਨਾ ਦੀ ਆੜ ’ਚ ਬੰਦ ਪਏ ਸਕੂਲ ਖੋਲ੍ਹਣ ਬਾਰੇ ਪੁੱਛਿਆ ਗਿਆ ਤਾਂ ਕਾਂਗਰਸੀ ਉਮੀਦਵਾਰ ਵੱਲੋਂ ਕੋਈ ਠੋਸ ਜਵਾਬ ਜਾਂ ਕਾਰਵਾਈ ਦੀ ਥਾਂ ਪੱਲਾ ਛੁਡਾਉਣ ’ਚ ਹੀ ਬਿਹਤਰੀ ਸਮਝੀ।