ਪੱਤਰ ਪ੍ਰੇਰਕ
ਘੁਮਾਣ, 14 ਜੂਨ
ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਥਾਣਾ ਘੁਮਾਣ ਦੀ ਇਮਾਰਤ ਦਾ ਅੱਜ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ’ਤੇ 2 ਕਰੋੜ 25 ਲੱਖ ਰੁਪਏ ਖ਼ਰਚ ਆਉਣਗੇ ਅਤੇ ਇਹ ਇਮਾਰਤ ਆਉਂਦੇ ਤਿੰਨ ਮਹੀਨਿਆਂ ਤੱਕ ਤਿਆਰ ਹੋ ਜਾਵੇਗੀ। ਇਸ ਮੌਕੇ ’ਤੇ ਸ਼੍ਰੀ ਲਾਡੀ ਨੇ ਦੱਸਿਆ ਕਿ ਪੁਰਾਣਾ ਥਾਣਾ ਦੀ ਇਮਾਰਤ ਜੋ ਅਸਲ ’ਚ ਬਾਬਾ ਨਾਮਦੇਵ ਕਮੇਟੀ ਘੁਮਾਣ ਦੀ ਇਮਾਰਤ ਹੈ, ਇਸ ਦੀ ਮੌਜ਼ੂਦਾ ਹਾਲਤ ਅਤਿ ਤਰਸਯੋਗ ਹੋ ਗਈ ਸੀ। ਇਸ ਲਈ ਅਧੁਨਿਕ ਸਹੂਲਤਾਂ ਵਾਲੇ ਨਵੇਂ ਥਾਣੇ ਦੀ ਇਮਾਰਤ ਨੂੰ ਬਣਾਇਆ ਜਾ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਹਲਕਾ ਸ਼੍ਰੀਹਰਗੋਬਿੰਦਪੁਰ ਦੇ ਵਿਕਾਸ ਕਾਰਜਾਂ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੀਹਰਗੋਬਿੰਦਪੁਰ ਦੇ ਨਵੇਂ ਬੱਸ ਸਟੈਂਡ ਦਾ ਕੰਮ ਜਿੱਥੇ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਉਥੇ ਪਿੰਡਾਂ ਦੀਆਂ ਸੜਕਾਂ ਨੂੰ ਨਵਿਆਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਮੌਕੇ ਡੀਐੱਸਪੀ ਹਰਕ੍ਰਿਸ਼ਨ ਸਿੰਘ, ਸਮਿਤੀ ਮੈਂਬਰ ਗੁਰਮੀਤ ਸਿੰਘ ਸਾਬੀ, ਸਰਪੰਚ ਨਰਿੰਦਰ ਕੁਮਾਰ, ਘੁਮਾਣ ਐਸਐਚਉ ਜੋਗਿੰਦਰ ਸਿੰਘ ਹਾਜ਼ਰ ਸਨ।