ਨਵੀਂ ਦਿੱਲੀ, 14 ਜੂਨ
ਪੁਰਾਣੀ ਦਿੱਲੀ ਤੋਂ ਉੱਤਰ ਪ੍ਰਦੇਸ਼ ਵਿਚ ਸਥਿਤ ਆਪਣੇ ਜੱਦੀ ਸ਼ਹਿਰ ਤੱਕ ਰੇਲਗੱਡੀ ਵਿਚ ਬਿਨਾ ਟਿਕਟ ਤੋਂ ਯਾਤਰਾ ਕਰਨ ਲਈ ਦਿੱਲੀ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ ਦੀ ਵਰਦੀ ਪਹਿਨ ਕੇ ਰੇਲਵੇ ਸਟੇਸ਼ਨ ’ਤੇ ਖੜ੍ਹੇ ਸਿਵਲ ਡਿਫੈਂਸ ਦੇ ਇਕ 22 ਸਾਲਾ ਵਾਲੰਟੀਅਰ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਇਹ ਘਟਨਾ ਐਤਵਾਰ ਸਵੇਰੇ ਉਸ ਵੇਲੇ ਸਾਹਮਣੇ ਆਈ ਜਦੋਂ ਸਿਪਾਹੀ ਯੋਗੇਸ਼ ਕੁਮਾਰ ਨੇ ਜੈ ਕਿਸ਼ਨ ਨੂੰ ਦਿੱਲੀ ਵਿਚ ਏਐੱਸਆਈ ਦੀ ਵਰਦੀ ਪਹਿਨੇ ਹੋਏ ਦੇਖਿਆ। ਪੁਲੀਸ ਅਨੁਸਾਰ ਯਾਦਵ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਦਿੱਲੀ ਪੁਲੀਸ ਦੇ ਏਐੱਸਆਈ ਦੀ ਵਰਦੀ ਪਹਿਨ ਕੇ ਖੜ੍ਹਾ ਸੀ। ਇਸ ਦੌਰਾਨ ਦਿੱਲੀ ਆਰਮਡ ਪੁਲੀਸ ਦੀ 7ਵੀਂ ਬਟਾਲੀਅਨ ਦੇ ਸਿਪਾਹੀ ਯੋਗੇਸ਼ ਕੁਮਾਰ ਨੇ ਯਾਦਵ ਨਾਲ ਗੱਲਬਾਤ ਕੀਤੀ ਤਾਂ ਯਾਦਵ ਨੇ ਕਿਹਾ ਕਿ ਉਹ 2019 ਵਿਚ ਪੁਲੀਸ ’ਚ ਭਰਤੀ ਹੋਇਆ ਸੀ। ਇਸ ’ਤੇ ਸਿਪਾਹੀ ਯੋਗੇਸ਼ ਕੁਮਾਰ ਨੇ ਉਸ ਨੂੰ ਪੁੱਛਿਆ ਕਿ ਐਨੀ ਘੱਟ ਉਮਰ ਵਿਚ ਉਸ ਨੂੰ ਏਐੱਸਆਈ ਵਜੋਂ ਤਰੱਕੀ ਕਿਵੇਂ ਮਿਲ ਗਈ। ਇਸ ’ਤੇ ਯਾਦਵ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
ਡੀਸੀਪੀ (ਰੇਲਵੇ) ਹਰਿੰਦਰ ਕੁਮਾਰ ਸਿੰਘ ਨੇ ਕਿਹਾ, ‘‘ਪੁੱਛਗਿਛ ਦੌਰਾਨ ਮੁਲਜ਼ਮ ਨੇ ਆਪਣਾ ਨਾਂ ਜੈ ਕਿਸ਼ਨ ਯਾਦਵ ਦੱਸਿਆ ਜੋ ਕਿ ਮਾਇਆਪੁਰੀ, ਫੇਜ਼-2 ਦਾ ਰਹਿਣ ਵਾਲਾ ਹੈ। ਉਹ ਆਪਣੇ ਦੋ ਭਰਾਵਾਂ ਨਾਲ ਫਰਾਕਾ ਐਸਪ੍ਰੈੱਸ ਰੇਲਗੱਡੀ ਰਾਹੀਂ ਆਪਣੇ ਜੱਦੀ ਸ਼ਹਿਰ ਆਜ਼ਮਗੜ੍ਹ ਜਾਣਾ ਚਾਹੁੰਦਾ ਸੀ ਪਰ ਉਨ੍ਹਾਂ ਕੋਲ ਸਿਰਫ਼ ਦੋ ਹੀ ਪੱਕੀਆਂ ਟਿਕਟਾਂ ਸਨ। ਇਸ ਵਾਸਤੇ ਉਸ ਨੇ ਦਿੱਲੀ ਪੁਲੀਸ ਦੇ ਏਐੱਸਆਈ ਦੀ ਵਰਦੀ ਪਹਿਨ ਲਈ। -ਪੀਟੀਆਈ