ਮਨੋਜ ਸ਼ਰਮਾ
ਬਠਿੰਡਾ, 14 ਜੂਨ
ਬਠਿੰਡਾ ਡਿੱਪੂ ਵਿਚ ਅੱਜ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਬਠਿੰਡਾ ਡਿਪੂ ਦੇ ਕੰਡਕਟਰ ਨਾਲ ਪਟਿਆਲਾ ਵਿੱਚ ਹੋਈ ਧੱਕੇਸ਼ਾਹੀ ਨੂੰ ਲੈ ਕੇ ਧਰਨਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ, ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਬਠਿੰਡਾ ਡਿਪੂ ਦਾ ਕੰਡਕਟਰ ਰਵਿੰਦਰ ਸਿੰਘ (ਕੇਐਮਡੀਟੀ287) ਜਦੋਂ ਪਟਿਆਲਾ ਹੈੱਡ ਆਫਿਸ ਟ੍ਰੇਨਿੰਗ ਸਕੂਲ ਪੁੱਜਾ ਤਾਂ ਸਕੂਲ ਬੰਦ ਸੀ। ਉਹ ਵਾਪਸ ਆਉਣ ਲਈ ਮੁੜ ਬੱਸ ’ਤੇ ਚੜ੍ਹ ਗਿਆ। ਇਸ ਦੌਰਾਨ ਇਕ ਚੈਕਿੰਗ ਟੀਮ ਬੱਸ ਵਿੱਚ ਚੜ੍ਹੀ। ਇੰਸਪੈਕਟਰ ਹਰਦਮ ਸਿੰਘ ਨੇ ਕੰਡਕਟਰ ਦਾ ਸ਼ਨਾਖ਼ਤੀ ਕਾਰਡ ਮੰਗਿਆ ਤੇ ਉਸ ’ਤੇ ਐਕਪਾਇਰੀ ਡੇਟ ਦੇਖ ਕੇ ਉਸ ਨਾਲ ਧੱਕੇਸ਼ਾਹੀ ਕਰਦਿਆਂ ਰਿਪੋਰਟ ਬਣਾ ਦਿੱਤੀ । ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬੇਇੱਜ਼ਤ ਕੀਤਾ ਗਿਆ ਜਦੋਂ ਕਿ ਉਹ ਵਿਭਾਗ ਅੰਦਰ ਡਿਊਟੀ ਨਿਭਾਅ ਰਿਹਾ ਹੈ। ਅੱਜ ਇਕੱਤਰ ਹੋਏ ਪੀਆਰਟੀਸੀ ਮੁਲਾਜ਼ਮਾਂ ਨੇ ਬੱਸ ਸਟੈਂਡ ਵਿਚ ਚੱਕਾ ਜਾਮ ਕੀਤਾ ਤੇ ਇੰਸਪੈਕਟਰ ਹਰਦਮ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।