ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਜੂਨ
ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟ੍ਰੀਟ ਵਿੱਚੋਂ ਹਟਾਏ ਗਏ ਪੰਜਾਬ ਸਭਿਆਚਾਰ ਨੂੰ ਦਰਸਾਉਂਦੇ ਬੁੱਤ ਲਗਪਗ ਡੇਢ ਸਾਲ ਬਾਅਦ ਇੱਥੇ ਨਵੇਂ ਬਣੇ ਮਿਨੀ ਸਕੱਤਰੇਤ (ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ) ਵਿੱਚ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਬੁੱਤਾਂ ਵਿੱਚ ਗਿੱਧਾ ਤੇ ਭੰਗੜਾ ਪਾਉਂਦੇ ਪੰਜਾਬੀ ਨੌਜਵਾਨਾਂ ਤੇ ਮੁਟਿਆਰਾਂ ਦੇ ਲਗਪਗ 10 ਬੁੱਤ ਸ਼ਾਮਲ ਹਨ, ਜਿਨ੍ਹਾਂ ਨੂੰ ਸਿੱਖ ਜਥੇਬੰਦੀਆ ਦੇ ਵਿਰੋਧ ਕਾਰਨ ਇੱਥੋਂ ਹਟਾ ਦਿੱਤਾ ਗਿਆ ਸੀ ।
ਇਹ ਬੁੱਤ ਕਾਲੀ ਧਾਤ ਦੇ ਬਣੇ ਹੋਏ ਹਨ ਜਿਨ੍ਹਾਂ ਨੂੰ 2016 ਵਿੱਚ ਲਗਪਗ 160 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈਰੀਟੇਜ ਸਟ੍ਰੀਟ ਵਿੱਚ ਸਥਾਪਿਤ ਕੀਤਾ ਗਿਆ ਸੀ। ਇਨ੍ਹਾਂ ਦੇ ਆਕਰਸ਼ਣ ਕਾਰਨ ਇਹ ਥਾਂ ਹੈਰੀਟੇਜ ਸਟ੍ਰੀਟ ਵਿੱਚ ਸੈਲਫੀ ਪੁਆਇੰਟ ਬਣ ਗਈ ਸੀ, ਜਿਥੇ ਦੇਸ਼ ਵਿਦੇਸ਼ ਤੋਂ ਆਉਂਦੇ ਯਾਤਰੂ ਇੱਥੇ ਸੈਲਫੀ ਖਿੱਚਣ ਨੂੰ ਤਰਜੀਹ ਦਿੰਦੇ ਸਨ।
ਪਿਛਲੇ ਸਾਲ ਜਨਵਰੀ 2020 ਵਿੱਚ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਇਨ੍ਹਾਂ ਬੁੱਤਾਂ ਦਾ ਵਿਰੋਧ ਕਰਦਿਆਂ ਇਨ੍ਹਾਂ ਦੀ ਭੰਨ-ਤੋੜ ਕੀਤੀ ਗਈ ਸੀ ਅਤੇ ਇਸ ਸਬੰਧੀ ਪੁਲੀਸ ਨੇ ਕੁਝ ਸਿੱਖ ਵਿਅਕਤੀਆ ਨੂੰ ਗ੍ਰਿਫਤਾਰ ਵੀ ਕੀਤਾ ਸੀ। ਲੇਕਿਨ ਇਸ ਘਟਨਾ ਤੋਂ ਬਾਅਦ ਸਰਕਾਰ ਦੀ ਹਦਾਇਤ ’ਤੇ ਪ੍ਰਸ਼ਾਸਨ ਵੱਲੋਂ ਇਹ ਬੁੱਤ ਇੱਥੋਂ ਹੈਰੀਟੇਜ ਸਟਰੀਟ ਵਿੱਚੋਂ ਹਟਾ ਦਿੱਤੇ ਗਏ ਸਨ। ਇਹ ਹਟਾਏ ਗਏ ਬੁੱਤ ਲੰਮੇ ਸਮੇਂ ਤੋਂ ਪੰਜਾਬ ਸੈਰਸਪਾਟਾ ਵਿਭਾਗ ਵੱਲੋਂ ਸੰਭਾਲ ਕੇ ਰੱਖੇ ਹੋੋਏ ਸਨ।