ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 13 ਜੂਨ
ਕੇਂਦਰੀ ਵਿਦਿਆਲਿਆ ਉਭਾਵਾਲ ਨੂੰ ਇਮਾਰਤ ਬਣਾਉਣ ਲਈ ਕਰੀਬ 11 ਸਾਲ ਪਹਿਲਾਂ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤੀ 10 ਏਕੜ ਜ਼ਮੀਨ ’ਤੇ ਇਮਾਰਤ ਨਾ ਬਣਾਏ ਜਾਣ ਕਾਰਨ ਉਭਾਵਾਲ ਪੰਚਾਇਤ ਤੇ ਪਿੰਡ ਵਾਸੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀ ਗੁਰਮੇਲ ਸਿੰਘ ਸਾਬਕਾ ਚੀਫ਼ ਇੰਸਪੈਕਟਰ, ਨਿਰਭੈ ਸਿੰਘ ਪੰਚ, ਸੁਖਦੇਵ ਸਿੰਘ ਪੱਪੀ, ਰਵੀ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਇਹ ਉਪਜਾਊ ਜ਼ਮੀਨ ਕੇਂਦਰੀ ਵਿਦਿਆਲਿਆ ਦੇ ਨਾਮ ਕਰਵਾਉਣ ਦੇ ਬਾਵਜੂਦ ਮੈਨੇਜਮੈਂਟ ਵੱਲੋਂ ਅਜੇ ਤੱਕ ਸਕੂਲ ਨਾ ਬਣਾਉਣ ਕਾਰਨ ਪੰਚਾਇਤ ਨੂੰ ਹੁਣ ਤੱਕ 65 ਲੱਖ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਸਰਪੰਚ ਅਮਰਜੀਤ ਕੌਰ ਸਣੇ ਸਮੂਹ ਪੰਚਾਇਤ ਨੇ ਮੰਗ ਕੀਤੀ ਕਿ ਜਦੋਂ ਤੱਕ ਇਮਾਰਤ ਨਹੀਂ ਬਣਾਈ ਜਾਂਦੀ ਉਦੋਂ ਤੱਕ ਇਹ ਜ਼ਮੀਨ ਵਾਪਸ ਪੰਚਾਇਤ ਨੂੰ ਦਿੱਤੀ ਜਾਵੇ ਤਾਂ ਜੋ ਜ਼ਮੀਨ ਤੋਂ ਆਮਦਨ ਪ੍ਰਾਪਤ ਕਰਕੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਲਾਈ ਜਾ ਸਕੇ। ਉਧਰ ਵਿਦਿਆਲਿਆ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪ੍ਰਾਜੈਕਟ ਬਾਰੇ ਪੜਤਾਲ ਕਰਵਾਕੇ ਅਗਲੀ ਕਾਰਵਾਈ ਕੀਤੀ ਜਾਵੇਗੀ।