ਗ਼ਜ਼ਲ
ਤ੍ਰੈਲੋਚਨ ਲੋਚੀ
ਹੁਣ ਤਾਂ ਨਹੀਂ ਚੁੱਪ ਰਹਿਣ ਦਾ ਮੌਸਮ !
ਇਹ ਤਾਂ ਹੈ ਕੁਝ ਕਹਿਣ ਦਾ ਮੌਸਮ !
ਇੱਕੋ ਆਸ ਹੀ ਮਰਨ ਨਾ ਦਿੰਦੀ,
ਆਊ ’ਕੱਠਿਆਂ ਬਹਿਣ ਦਾ ਮੌਸਮ !
ਛੱਡ ਗਿਲੇ ਤੇ ਸ਼ਿਕਵੇ ਸੱਭੇ,
ਇਹ ਤਾਂ ਦਿਲ ਵਿੱਚ ਲਹਿਣ ਮੌਸਮ !
ਇੱਕ ਰੋਟੀ ਦੀ ਚਿੰਤਾ, ਉੱਤੋਂ,
ਕੱਚੇ ਕੋਠੇ ਢਹਿਣ ਦਾ ਮੌਸਮ !
ਭੁੱਲ ਜਾਹ ਲੋਚੀ ਵਾਧੇ ਘਾਟੇ,
ਇਹ ਸ਼ਬਦਾਂ ਵਿੱਚ ਵਹਿਣ ਦਾ ਮੌਸਮ !
ਸੰਪਰਕ: 98142-53315
ਨਜ਼ਮ
ਸੰਤਵੀਰ
ਛੱਡ ਜਾਣ ਜੋ ਲੋਕੀ ਰੌਸ਼ਨ ਰਾਹਾਂ ਨੂੰ,
ਸਿਖ਼ਰ ਦੁਪਹਿਰੇ ਸੱਦਾ ਦੇਣ ਬਲਾਵਾਂ ਨੂੰ।
ਕੀ ਕਰੋਗੇ ਈਦ ਦੇ ਮਗਰੋਂ ਤੰਬੇ ਨੂੰ,
ਜੇ ਕੋਈ ਲੁੱਟ ਕੇ ਲੈ ਗਿਆ ਅੱਥਰੇ ਚਾਵਾਂ ਨੂੰ।
ਬੂੰਦ-ਬੂੰਦ ਨੂੰ, ਤਪਦੀ ਧਰਤੀ ਤਰਸ ਰਹੀ,
ਕੀ ਕਰੋਗੇ ਕਾਲੀਆਂ ਘੋਰ ਘਟਾਵਾਂ ਨੂੰ।
ਚਾਰੇ ਪਾਸੇ ਅੱਗ ਦੇ ਭਾਂਬੜ ਮੱਚਦੇ ਨੇ,
ਬਲਦੇ ਰੁੱਖਾਂ ਹੇਠ ਭਾਲਦੇ ਛਾਂਵਾਂ ਨੂੰ।
ਬਰੂਦਾਂ ਦੀ ਢੇਰੀ ’ਤੇ ਗੱਲਾਂ ਅਮਨ ਦੀਆਂ,
ਦੂਤ ਬਣਾ ਕੇ ਭੇਜਣ ਕਾਲੇ ਕਾਂਵਾਂ ਨੂੰ।
ਕੁਦਰਤ ਨੇ ਤਾਂ ਧਰਤ ਸੁਹਾਵੀ ਬਖ਼ਸ਼ੀ ਸੀ,
ਅਸਾਂ ਨੇ ਦੂਸ਼ਿਤ ਕੀਤਾ ਇਨ੍ਹਾਂ ਫਿਜ਼ਾਵਾਂ ਨੂੰ।
ਹੁੰਮਸ ਮਗਰੋਂ ਰੋਹ ਦੀ ਨ੍ਹੇਰੀ ਝੁੱਲ ਪਈ ਜੇ,
ਰੋਕ ਨਾ ਸਕਣਾ ਫਿਰ ਕਿਸੇ ਤੇਜ਼ ਹਵਾਵਾਂ ਨੂੰ।
ਸੰਪਰਕ: 98149-52967
* * *
ਕਦ ਤੱਕ
ਜਗਵੀਰ ਕੌਰ ਮੋਗਾ
ਇੱਕੋ ਕੁੱਖ ਨੇ ਜੰਮੀਆਂ-ਜਾਈਆਂ,
ਕਦ ਤੱਕ ਵਿਛੜਦੀਆਂ ਰਹਿਣਗੀਆਂ ,
ਕਦ ਤੱਕ ਕੁੜੀਆਂ ਮਨੁੱਖ ਨਾ ਹੋ ਕੇ,
ਕੂੰਜਾਂ-ਚਿੜੀਆਂ ਰਹਿਣਗੀਆਂ।
ਰੀਤ-ਰਿਵਾਜੀ ਕੂੜਾ-ਕਰਕਟ,
ਭਰ-ਭਰ ਟੋਕਰੇ ਢੋਹਣਗੀਆਂ,
ਕਦ ਤੱਕ ਕੁੜੀਆਂ ਮਨੁੱਖ ਨਾ ਹੋ ਕੇ,
ਕੂੰਜਾਂ-ਚਿੜੀਆਂ ਰਹਿਣਗੀਆਂ।
ਪੱਗੜੀਆਂ ਤੇ ਰੱਖੜੀਆਂ ਦੀ,
ਬਲੀ ਇਹ ਚੜ੍ਹਦੀਆਂ ਰਹਿਣਗੀਆਂ,
ਕਦ ਤੱਕ ਕੁੜੀਆਂ ਮਨੁੱਖ ਨਾ ਹੋ ਕੇ,
ਕੂੰਜਾਂ-ਚਿੜੀਆਂ ਰਹਿਣਗੀਆਂ।
ਕੰਧੀਂ-ਕੌਲੀਂ ਲੱਗ-ਲੱਗ ਕਦ ਤੱਕ,
ਲੁਕ-ਲੁਕ ਰੋਦੀਂਆਂ ਰਹਿਣਗੀਆਂ,
ਕਦ ਤੱਕ ਕੁੜੀਆਂ ਮਨੁੱਖ ਨਾ ਹੋ ਕੇ,
ਕੂੰਜਾਂ-ਚਿੜੀਆਂ ਰਹਿਣਗੀਆਂ।
ਅੰਦਰੋਂ-ਅੰਦਰੀ ਬਲਦੀਆਂ-ਧੁਖ਼ਦੀਆਂ,
ਕਦ ਤੱਕ ਜਿਉਂਦੀਆਂ ਰਹਿਣਗੀਆਂ,
ਕਦ ਤੱਕ ਕੁੜੀਆਂ ਮਨੁੱਖ ਨਾ ਹੋ ਕੇ,
ਕੂੰਜਾਂ-ਚਿੜੀਆਂ ਰਹਿਣਗੀਆਂ।
ਸੰਪਰਕ: 76963-00539