ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ,12 ਜੂਨ
ਪੰਜਾਬ ਇੰਜਨੀਅਰਿੰਗ ਕਾਲਜ (ਪੈੱਕ) ’ਚ ਹੁਣ ਸਿਰਫ ਪੀਐਚ.ਡੀ. ਵਾਲੇ ਲੈਕਚਰਾਰ ਹੀ ਨਿਯੁਕਤ ਕੀਤੇ ਜਾਣਗੇ। ਪ੍ਰਸ਼ਾਸਨ ਨੇ ਪੈਕ ਦੇ ਭਰਤੀ ਐਕਟ ’ਚ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈੱਕ ਨੇ ਇਸੇ ਸੈਸ਼ਨ ਤੋਂ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਪੈੱਕ ’ਚ ਇਸ ਵੇਲੇ 3400 ਦੇ ਕਰੀਬ ਵਿਦਿਆਰਥੀ ਹਨ। ਇਨ੍ਹਾਂ ਵਿਦਿਆਰਥੀਆਂ ਲਈ 100 ਦੇ ਕਰੀਬ ਲੈਕਚਰਾਰ ਹਨ। ਪੈੱਕ ’ਚ ਨਵੇਂ ਲੈਕਚਰਾਰਾਂ ਨੂੰ ਨਿਯੁਕਤ ਕਰਨ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਹੈ ਪਰ ਇਸ ਮਸਲਾ ਨਿਯਮਾਂ ’ਚ ਸਪਸ਼ਟਤਾ ਨਾਲ ਹੋਣ ਕਾਰਨ ਹੱਲ ਨਹੀਂ ਹੋ ਰਿਹਾ। ਪੈੱਕ ’ਚ ਨੌਂ ਵਿਭਾਗ ਤੇ ਸੱਤ ਸੈਂਟਰ ਹਨ। ਪੈੱਕ ਦੇ ਇਕ ਲੈਕਚਰਾਰ ਨੇ ਦੱਸਿਆ ਕਿ ਪੈਕ ਦੇ ਹਰ ਵਿਭਾਗ ’ਚ ਲੈਕਚਰਾਰਾਂ ਦੀ ਭਾਰੀ ਘਾਟ ਹੈ ਤੇ ਪਿਛਲੇ ਕਈ ਸਾਲਾਂ ਤੋਂ ਗੈਸਟ ਫੈਕਲਟੀ ਲੈਕਚਰਾਰਾਂ ਦੀ ਨਿਯੁਕਤੀ ਕਰ ਕੇ ਕੰਮ ਸਾਰਿਆ ਜਾ ਰਿਹਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਅੱਗੇ ਨਾਲੋਂ ਸਿਰਫ ਗਿਣਤੀ ਦੇ ਹੀ ਗੈਸਟ ਫੈਕਲਟੀ ਲੈਕਚਰਾਰ ਰੱਖੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪੈਕ ’ਚ ਗੈਸਟ ਫੈਕਲਟੀ ਲਈ ਪੀਐਚਡੀ ਹੋਣਾ ਜ਼ਰੂਰੀ ਨਹੀਂ ਹੈ। ਪੈੱਕ ਦੇ ਐਕਟ ਦੇ ਇਕ ਭਾਗ ’ਚ ਲਿਖਿਆ ਹੋਇਆ ਹੈ ਕਿ ਕੁਝ ਲੈਕਚਰਾਰਾਂ ਲਈ ਖੋਜ ਦਾ ਹਿੱਸਾ ਮਹੱਤਵਪੂਰਨ ਨਹੀਂ ਹੈ ਤੇ ਇਸ ਵਰਗ ਲਈ ਬਿਨਾਂ ਪੀਐਚਡੀ ਲੈਕਚਰਾਰ ਨਿਯੁਕਤ ਕੀਤੇ ਜਾ ਸਕਦੇ ਹਨ ਜਿਸ ’ਚ ਹੁਣ ਸੋਧ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਨੇ ਇਸ ਪ੍ਰਸਤਾਵ ’ਤੇ ਇਕ ਹਫਤਾ ਪਹਿਲਾਂ ਮੋਹਰ ਲਾ ਦਿੱਤੀ ਹੈ। ਪੈੱਕ ਨੂੰ ਸੈਂਟਰਲ ਫੰਡਿੰਗ ਟੈਕਨੀਕਲ ਇੰਸਟੀਚਿਊਟ ਦਾ ਦਰਜਾ ਦਿਵਾਉਣ ਲਈ ਪੈੱਕ ਦੇ ਸਾਬਕਾ ਡਾਇਰੈਕਟਰ ਧੀਰਜ ਸਾਂਘੀ ਨੇ ਕਾਫੀ ਵਾਹ ਲਾਈ ਸੀ ਪਰ ਪੈੱਕ ਨੂੰ ਇਹ ਦਰਜਾ ਹਾਸਲ ਨਹੀਂ ਹੋ ਸਕਿਆ ਜਿਸ ਕਾਰਨ ਪੈਕ ਵਿਚ ਵਾਧੂ ਨਿਯੁਕਤੀਆਂ ਲਈ ਮਨਜ਼ੂਰੀ ਨਹੀਂ ਮਿਲੀ ਤੇ ਪੈੱਕ ਨੂੰ ਲੋੜ ਅਨੁਸਾਰ ਗਰਾਂਟਾਂ ਤੋਂ ਵੀ ਵਾਂਝਾ ਰਹਿਣਾ ਪੈ ਰਿਹਾ ਹੈ।
ਪੈੱਕ ’ਚ 60 ਲੈਕਚਰਾਰਾਂ ਦੀ ਘਾਟ
ਪੈਕ ਵਿੱਚ ਇਸ ਵੇਲੇ 60 ਲੈਕਚਰਾਰਾਂ ਦੀ ਘਾਟ ਹੈ। ਜੇ ਪੈੱਕ ਨਿਰਧਾਰਤ ਲੈਕਚਰਾਰਾਂ ਤੋਂ ਘੱਟ ਲੈਕਚਰਾਰਾਂ ਦੀ ਨਿਯੁਕਤੀ ਕਰਦਾ ਹੈ ਤਾਂ ਉਸ ਦੀ ਰੈਂਕਿੰਗ ਵੀ ਪ੍ਰਭਾਵਿਤ ਹੁੰਦੀ ਹੈ। ਇਸ ਵਾਰ ਨਿਰਫ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਵਿਚ ਪੈੱਕ ਨੇ 68ਵਾਂ ਸਥਾਨ ਹਾਸਲ ਕੀਤਾ ਹੈ। ਇਥੋਂ ਦੇ ਲੈਕਚਰਾਰਾਂ ਨੇ ਦੱਸਿਆ ਕਿ ਜੇ ਅਧਿਆਪਕ ਵਿਦਿਆਰਥੀ ਅਨੁਪਾਤ ’ਚ ਜ਼ਿਆਦਾ ਪਾੜਾ ਨਾ ਹੁੰਦਾ ਤਾਂ ਇਸ ਵਾਰ ਪੈੱਕ ਦੀ ਰੈਂਕਿੰਗ ਹੋਰ ਵਧੀਆ ਆਉਣੀ ਸੀ।
ਖੋਜ ਦੇ ਕੰਮ ਪ੍ਰਭਾਵਿਤ
ਪੈਕ ਇਸ ਵੇਲੇ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਥੋਂ ਦੇ ਲੈਕਚਰਾਰਾਂ ਨੇ ਦੱਸਿਆ ਕਿ ਲੈਕਚਰਾਰਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਕੰਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਰਿਸਰਚ ਦੇ ਕੰਮ ਲਈ ਸਮਾਂ ਨਹੀਂ ਕੱਢ ਰਹੇ। ਇਸ ਤੋਂ ਇਲਾਵਾ ਪੜ੍ਹਾਈ ਦੀ ਗੁਣਵੱਤਾ ਵੀ ਪ੍ਰਭਾਵਿਤ ਹੋ ਰਹੀ ਹੈ।