ਕੁਲਵਿੰਦਰ ਕੌਰ ਦਿਓਲ
ਫ਼ਰੀਦਾਬਾਦ, 12 ਜੂਨ
ਹਰਿਆਣਾ ਦੇ ਇਸ ਦੱਖਣੀ ਜ਼ਿਲ੍ਹੇ ਵਿੱਚੋਂ ਵੱਖਰੇ ਹੋਏ ਮੇਵਾਤ ਇਲਾਕੇ ਦੇ ਇਕ ਨੌਜਵਾਨ ਦੀ ਪੁਲੀਸ ਹਿਰਾਸਤ ਵਿਚ ਕਥਿਤ ਤੌਰ ’ਤੇ ਮੌਤ ਹੋਣ ਤੋਂ ਭੜਕੇ ਇਸ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਦੇ ਪਿੰਡ ਜਮਾਲਗੜ੍ਹ ਦੇ ਲੋਕਾਂ ਨੇ ਪਲਵਲ-ਹੋਡਲ ਮਾਰਗ ’ਤੇ ਜਾਮ ਲਗਾ ਦਿੱਤਾ। ਜਾਮ ਖੁੱਲ੍ਹਵਾਉਣ ਪਹੁੰਚੀ ਪੁਲੀਸ ਪਾਰਟੀ ’ਤੇ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ ਅਤੇ ਪੁਲੀਸ ਜੀਪ ਦੀ ਭੰਨ੍ਹਤੋੜ ਕਰਦਿਆਂ ਇਹ ਜੀਪ ਸਾੜ ਦਿੱਤੀ।
ਮ੍ਰਿਤਕ ਨੌਜਵਾਨ ਦਾ ਨਾਂ ਜੁਨੈਦ ਸੀ, ਜਿਸ ਨੂੰ ਬੀਤੇ ਦਿਨੀਂ ਫ਼ਰੀਦਾਬਾਦ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਪੁਲੀਸ ਹਿਰਾਸਤ ਵਿਚ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਪਲਵਲ-ਹੋਡਲ ਸੜਕ ’ਤੇ ਜਾਮ ਲਗਾ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਭੀੜ ਨੇ ਪੁਲੀਸ ’ਤੇ ਪਥਰਾਅ ਕਰ ਦਿੱਤਾ ਅਤੇ ਉਨ੍ਹਾਂ ਦੀ ਜੀਪ ਸਾੜ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜੁਨੈਦ ਦੀ ਮੌਤ ਪੁਲੀਸ ਤਸ਼ੱਦਦ ਕਾਰਨ ਹੋਈ ਹੈ ਜਿਸ ਨੂੰ ਦੋ ਹਫ਼ਤੇ ਪਹਿਲਾਂ ਕਿਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਦੋ ਭਰਾ ਅਜੇ ਵੀ ਫ਼ਰੀਦਾਬਾਦ ਪੁਲੀਸ ਦੀ ਹਿਰਾਸਤ ਵਿੱਚ ਹਨ। ਉਨ੍ਹਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਪਿੰਡ ਵਾਸੀਆਂ ਨੇ ਕੀਤੀ। ਮੰਗਾਂ ਮਨਵਾਉਣ ਲਈ ਉਨ੍ਹਾਂ ਸੜਕ ’ਤੇ ਜਾਮ ਲਾਇਆ ਸੀ। ਇਸ ਘਟਨਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਪੁਲੀਸ ਵੱਲੋਂ ਇਸ ਤਾਜ਼ਾ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਫ਼ਰੀਦਾਬਾਦ ਪੁਲੀਸ ਦੇ ਬੁਲਾਰੇ ਨੇ ਪ੍ਰਦਰਸ਼ਨਕਾਰੀਆਂ ਦੇ ਸਾਰੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਜੁਨੈਦ ਗੁਰਦਾ ਰੋਗ ਤੋਂ ਪੀੜਤ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।