ਪ੍ਰਿੰ. ਸਰਵਣ ਸਿੰਘ
ਪੰਜਾਬੀ ਸਾਹਿਤ ਜਗਤ ਵਿਚ ਗੁਰਬਚਨ ਸਿੰਘ ਭੁੱਲਰ ਦੀ ਠੁੱਕਦਾਰ ਹਾਜ਼ਰੀ ਭਾਵੇਂ ਕਹਾਣੀਕਾਰ ਦੇ ਰੂਪ ਵਿਚ ਲੱਗੀ ਪਰ ਉਨ੍ਹਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ ਆਪਣੀ ਕਲਮ, ਕਟਾਰ ਵਾਂਗ ਚਲਾਈ ਹੈ। ਐਤਕੀਂ ਪ੍ਰਿੰਸੀਪਲ ਸਰਵਣ ਸਿੰਘ ਨੇ ਇਸ ਕਾਲਮ ਵਿਚ ਗੁਰਬਚਨ ਸਿੰਘ ਭੁੱਲਰ ਬਾਰੇ ਚਰਚਾ ਛੇੜੀ ਹੈ ਅਤੇ ਉਨ੍ਹਾਂ ਨੂੰ ਕਲਮ ਦਾ ਮੈਰਾਥਨ ਦੌੜਾਕ ਆਖਿਆ ਹੈ ਜਿਨ੍ਹਾਂ ਨੂੰ ਕਲਮ ਚਲਾਉਂਦਿਆਂ ਸੱਠ ਸਾਲ ਹੋ ਗਏ ਹਨ। ਲਿਖਿਆ ਹੈ: ‘ਚੁਰਾਸੀ ਸਾਲਾਂ ਦਾ ਜੁਆਨ ਹੋ ਕੇ ਉਹ ਸਗੋਂ ਹੋਰ ਤੇਜ਼ ਦੌੜਨ ਲੱਗ ਪਿਐ’। ਸੱਚਮੁੱਚ ਪਿਛਲੇ ਡੇਢ ਦੋ ਸਾਲਾਂ ਦੌਰਾਨ 8 ਪ੍ਰਕਾਸ਼ਕਾਂ ਨੇ ਉਨ੍ਹਾਂ ਦੀਆਂ 25 ਕਿਤਾਬਾਂ ਛਾਪੀਆਂ ਹਨ।
ਗੁਰਬਚਨ ਸਿੰਘ ਭੁੱਲਰ ਕਲਮ ਦਾ ਮੈਰਾਥਨ ਦੌੜਾਕ ਹੈ। ਦਮ ਰੱਖ ਕੇ ਲੰਮੀ ਦੌੜ ਦੌੜਨ ਵਾਲਾ। ਮੈਰਾਥਨ ਦੌੜ ਬਤਾਲੀ ਕਿਲੋਮੀਟਰ ਦੀ ਹੁੰਦੀ ਹੈ, ਉਸ ਨੂੰ ਕਲਮ ਚਲਾਉਂਦਿਆਂ ਸੱਠ ਸਾਲ ਹੋ ਗਏ ਹਨ। ਚੁਰਾਸੀ ਸਾਲਾਂ ਦਾ ਜੁਆਨ ਹੋ ਕੇ ਉਹ ਸਗੋਂ ਹੋਰ ਤੇਜ਼ ਦੌੜਨ ਲੱਗ ਪਿਐ ਜਿਸ ਕਰ ਕੇ ਕਿਤਾਬਾਂ ਲਿਖਣ ਦੀਆਂ ਢੇਰੀਆਂ ਲਾਈ ਜਾ ਰਿਹੈ। ਉਸ ਨੇ ਸ਼ਾਇਦ ਹੀ ਕੋਈ ਵਿਸ਼ਾ, ਵਿਧਾ ਜਾਂ ਸਾਹਿਤਕ ਰੂਪ ਲਿਖਣੋਂ ਛੱਡਿਆ ਹੋਵੇ। ਮੌਲਿਕ ਸਿਰਜਣਾ, ਸੰਪਾਦਨਾ, ਅਨੁਵਾਦ, ਆਲੋਚਨਾ, ਮੁਖਬੰਦ, ਭੂਮਿਕਾਵਾਂ, ਜੀਵਨੀਆਂ, ਸਫ਼ਰਨਾਮੇ, ਕਵਿਤਾਵਾਂ, ਕਹਾਣੀਆਂ, ਨਾਵਲ, ਹਾਸ ਵਿਅੰਗ, ਅਰਥਚਾਰਾ ਤੇ ਇਤਿਹਾਸ, ਗੱਲ ਕੀ ਹਰ ਮੈਦਾਨ ਕਲਮ ਦਾ ਘੋੜਾ ਭਜਾਇਆ ਹੈ। ਸ਼ਬਦ ਚਿੱਤਰ ਉਲੀਕਣ ਵਿਚ ਤਾਂ ਗਾਰਗੀ ਤੇ ਵੀ ਝੰਡੀ ਕਰ ਦਿੱਤੀ ਹੈ। ਹਰ ਤਰ੍ਹਾਂ ਦੇ ਲੇਖਕਾਂ, ਕਵੀਆਂ, ਦਾਨਿਸ਼ਵਰਾਂ, ਕਲਾਕਾਰਾਂ, ਯਾਰਾਂ ਦੋਸਤਾਂ ਤੇ ਮਾਈਆਂ ਬੀਬੀਆਂ ਬਾਰੇ ਲਿਖਿਆ ਹੈ। ਇਥੋਂ ਤਕ ਕਿ ਖੇਡ ਸਾਹਿਤ ਤੇ ਮੇਰੇ ਵਰਗੇ ਖੇਡ ਲੇਖਕ ਬਾਰੇ ਵੀ ਕਲਮ ਵਾਹੀ ਹੈ। ਕਿਸੇ ਬਾਰੇ ਪੰਜ ਸਫ਼ੇ, ਕਿਸੇ ਬਾਰੇ ਦਸ, ਵੀਹ, ਪੰਜਾਹ ਤੇ ਕਿਸੇ ਬਾਰੇ ਸੌ ਸਫ਼ੇ ਲਿਖੇ ਹਨ! ਹੁਣੇ ਉਸ ਦੀਆਂ ਦੋ ਹੋਰ ਪੁਸਤਕਾਂ ‘ਅੱਖਰ ਅੱਖਰ ਬੋਲਦਾ’ ਤੇ ‘ਸਿਰਜਣਾ ਦੇ ਕੌਲ-ਫੁੱਲ’ ਛਪੀਆਂ ਹਨ। ਹੈਰਾਨੀ ਹੁੰਦੀ ਹੈ ਉਹਦੀ ਕਲਮ ਦੀ ਦੌੜ ਤੇ!
ਆਮ ਬੰਦੇ ਅੱਸੀਆਂ ਨੂੰ ਟੱਪ ਕੇ ਆਲਸੀ ਹੋ ਜਾਂਦੇ ਹਨ ਤੇ ਢੇਰੀ ਢਾਹ ਬਹਿੰਦੇ ਹਨ ਪਰ ਸਮੱਧਰ ਕੱਦ ਦਾ ਸਾਡਾ ਇਹ ਕੱਦਾਵਰ ਲੇਖਕ ਬੁੱਢੇਵਾਰੇ ਵੀ ਟੌਪ ਗੇਅਰ ਚ ਪਿਆ ਹੋਇਐ। ਉਹਦੀ ਕਿਤਾਬਾਂ ਲਿਖਣ ਦੀ ਸਪੀਡ ਵਿਸ਼ਵ ਰਿਕਾਰਡ ਰੱਖਣ ਵਾਲੇ ਦੌੜਾਕ ਉਸੈਨ ਬੋਲਟ ਨੂੰ ਮਾਤ ਪਾ ਰਹੀ ਹੈ। ਸਿਰਫ ਡੇਢ ਦੋ ਸਾਲਾਂ ਵਿਚ ਹੀ 8 ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਤ ਉਹਦੀਆਂ ਕਿਤਾਬਾਂ ਦੀ ਗਿਣਤੀ 18 ਹੋ ਗਈ ਹੈ। ‘ਕਰੋ-ਨਾ ਕਾਲ’ ਉਹਦੇ ਲਈ ‘ਕਰੋ-ਕਾਲ’ ਸਾਬਤ ਹੋਇਆ ਹੈ। ਪਿਛਲੇ ਦਿਨੀਂ ਉਹਦੇ ਜੀਵਨੀਨੁਮਾ ਚਿੱਤਰਾਂ ਦੀ ਪੁਸਤਕ ‘ਅਸਾਂ ਮਰਨਾ ਨਾਹੀਂ’ ਪੜ੍ਹਨ ਨੂੰ ਮਿਲੀ ਸੀ ਤੇ ਹੁਣ ‘ਅੱਖਰ ਅੱਖਰ ਬੋਲਦਾ’ ਮਿਲੀ ਹੈ। ਇਹਦੇ ਵਿਚ ਇਕ ਲੇਖ ਮੇਰੀ ਖੇਡ ਲੇਖਣੀ ਬਾਰੇ ਵੀ ਹੈ:
ਖੇਡ ਲੇਖਕ ਸਰਵਣ ਸਿੰਘ ਦੀ ਤੇ ਮੇਰੀ ਪਹਿਲੀ ਮੁਲਾਕਾਤ ਉਹਨਾਂ ਦੋ ਰੇਲ ਗੱਡੀਆਂ ਵਰਗੀ ਸੀ ਜੋ ਦੋ ਸਟੇਸ਼ਨਾਂ ਵਿਚਕਾਰ ਦੂਹਰੀ ਪਟੜੀ ਉੱਤੇ ਇਕ ਦੂਜੀ ਦੇ ਕੋਲੋਂ ਦੀ ਲੰਘ ਜਾਂਦੀਆਂ ਹਨ। 1967 ਵਿਚ ਜਦੋਂ ਉਹ ਖਾਲਸਾ ਕਾਲਜ ਦਿੱਲੀ ਦੀ ਪ੍ਰੋਫ਼ੈਸਰੀ ਛੱਡ ਕੇ ਢੁੱਡੀਕੇ ਕਾਲਜ ਵਿਚ ਪ੍ਰੋਫ਼ੈਸਰ ਲੱਗਣ ਲਈ ਪੰਜਾਬ ਵੱਲ ਚਾਲੇ ਪਾ ਰਿਹਾ ਸੀ, ਮੈਂ ਪੰਜਾਬ ਵਿਚੋਂ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੀ ਪ੍ਰੋਫ਼ੈਸਰੀ ਛੱਡ ਕੇ ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿਚ ਕੰਮ ਕਰਨ ਲਈ ਦਿੱਲੀ ਵੱਲ ਕੂਚ ਕਰ ਰਿਹਾ ਸੀ।
ਸਰਵਣ ਸਿੰਘ ਆਪ ਤਾਂ ਦਿੱਲੀ ਤੋਂ ਆ ਗਿਆ ਪਰ ਪਿੱਛੇ ਦਿਲਚਸਪ ਗੱਲਾਂ ਛੱਡ ਆਇਆ।ਜਿਵੇਂ ਅਤਰ-ਫੁਲੇਲ ਲਾਏ ਵਾਲਾ ਬੰਦਾ ਬੈਠਕ ਵਿਚੋਂ ਉੱਠ ਕੇ ਚਲਿਆ ਗਿਆ ਹੋਵੇ ਤੇ ਮਹਿਕ ਪਿੱਛੇ ਛੱਡ ਗਿਆ ਹੋਵੇ। ਅਨਜਾਣੇ ਸਰਵਣ ਸਿੰਘ ਨਾਲ ਮੇਰੀ ਕੜੀ ਗੁਰਦੇਵ ਸਿੰਘ ਰੁਪਾਣਾ ਸੀ। ਉਹ ਉਹਦੇ ਵੇਲੇ ਤੋਂ ਦਿੱਲੀ ਸੀ ਤੇ ਦੋਵੇਂ ਚੰਗੇ ਦੋਸਤ ਸਨ। ਹੁਣ ਉਹ ਮੇਰਾ ਦੋਸਤ ਬਣ ਗਿਆ ਸੀ। ਮੇਰੇ ਦਿੱਲੀ ਪਹੁੰਚਣ ਵੇਲੇ ਹੀ ਅਜਿਹੇ ਯਾਰਾਂ ਦੇ ਯਾਰ ਤੇ ਮੌਜੀ ਬੰਦੇ ਦਾ ਉਥੋਂ ਚਲੇ ਜਾਣਾ, ਅਨਜਾਣਿਆ ਹੋਣ ਦੇ ਬਾਵਜੂਦ, ਕਿਸੇ ਮਿੱਤਰ-ਪਿਆਰੇ ਦੇ ਚਲੇ ਜਾਣ ਵਾਂਗ ਲਗਦਾ। ਰੁਪਾਣੇ ਦੀ ਇਸ ਹੈਰਾਨੀ ਵਿਚ ਮੇਰੀ ਹੈਰਾਨੀ ਵੀ ਰਲ ਜਾਂਦੀ ਕਿ ਉਹ ਦਿੱਲੀ ਦਾ ਖਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਪੇਂਡੂ ਕਾਲਜ ਵਿਚ ਕਿਉਂ ਚਲਿਆ ਗਿਆ!
ਭੁੱਲਰ ਦੀ ਲਿਖਤ ਨੇ ਮੈਨੂੰ ਗੁਰਦੇਵ ਰੁਪਾਣਾ ਯਾਦ ਕਰਾ ਦਿੱਤੈ। ਚੁਰਾਸੀ ਤਾਂ ਭੁੱਲਰ ਵਾਂਗ ਉਹ ਵੀ ਕੱਟੀ ਬੈਠਾ ਹੈ। ਬੈਠਾ ਇਸ ਕਰ ਕੇ ਹੈ ਕਿ ਚੂਲ਼ਾ ਹਿੱਲ ਜਾਣ ਕਰ ਕੇ ਤੁਰ ਨਹੀਂ ਹੁੰਦਾ। ਨਹੀਂ ਤਾਂ ਉਹ ਕਿਥੇ ਟਿਕਣ ਵਾਲਾ ਸੀ? ਹਾਸਾ-ਠੱਠਾ ਨਾ ਅਸੀਂ ਦਿੱਲੀ ਛੱਡਿਆ ਸੀ ਤੇ ਨਾ ਦਿੱਲੀ ਤੋਂ ਦੂਰ ਜਾ ਕੇ ਛੱਡਿਆ ਹੈ। ਕਦੇ ਕਹਾਣੀਕਾਰ ਮੰਟੋ ਨੇ ਕਿਹਾ ਸੀ, “ਸ਼ਰਾਬ ਪੀਣ ਵਾਂਗ ਹੀ ਮੈਨੂੰ ਕਹਾਣੀ ਲਿਖਣ ਦੀ ਲਤ ਲੱਗ ਗਈ ਹੈ। ਕਹਾਣੀ ਨਾ ਲਿਖਾਂ ਤਾਂ ਲਗਦਾ ਹੈ ਜਿਵੇਂ ਸ਼ਰਾਬ ਨਹੀਂ ਪੀਤੀ।“
ਰੁਪਾਣੇ ਨੂੰ ਪੁੱਛਿਆ, “ਤੂੰ ਵੀ ਕਹਾਣੀਕਾਰ ਐਂ, ਤੈਨੂੰ ਵੀ ਮੰਟੋ ਵਾਂਗ ਕੋਈ ਲਤ ਲੱਗੀ?”
ਉਹ ਅੱਖਾਂ `ਚੋਂ ਹੱਸਿਆ, “ਐਹੋ ਜਿਹੀ ਤਾਂ ਕੋਈ ਲਤ ਨੀ ਲੱਗੀ ਪਰ ਲੱਤਾਂ ਬਹੁਤ ਲੱਗੀਆਂ!”
ਫਿਰ ਪੁੱਛਿਆ, “ਭੁੱਲਰ ਸਾਹਿਬ ਨੇ ਤਾਂ ਪਹਿਲਾਂ ਕਵਿਤਾਵਾਂ ਲਿਖੀਆਂ, ਫੇਰ ਕਹਾਣੀਆਂ; ਤੇ ਤੁਸੀਂ?”
“ਮੈਂ ਕਵਿਤਾ ਤੋਂ ਕਹਾਣੀ ਵੱਲ ਨੀ ਆਇਆ। ਹਾਂ, ਇਕ ਵਾਰ ਕਵਿਤਾ ਦਾ ਬੰਦ ਜ਼ਰੂਰ ਜੋੜਿਆ ਸੀ ਪਰ ਉਹ ਕਿੱਸਾ ਹੋਰ ਸੀ। ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਸ਼ਾਮ ਸੀ। ਉਹਨੇ ਕਿਹਾ, ਹਰ ਲੇਖਕ ਕਵੀ ਹੁੰਦੈ। ਅੱਜ ਸਾਰੇ ਇਕ ਇਕ ਨਜ਼ਮ ਸੁਣਾਓ। ਮੈਨੂੰ ਸ਼ਰਾਰਤ ਸੁੱਝੀ। ਉਥੇ ਜਿਹੜੇ ਮਾਡਰਨ ਸ਼ਾਇਰ ਬੈਠੇ ਸੀ, ਉਨ੍ਹਾਂ ਦਾ ਮਜ਼ਾਕ ਉਡਾਉਂਦਿਆਂ ਮੈਂ ਉਸੇ ਵੇਲੇ ਚਾਰ ਤੁਕਾਂ ਦਾ ਬੰਦ ਸੁਣਾ ਦਿੱਤਾ ਜੋ ਮੈਨੂੰ ਹਾਲੇ ਤੱਕ ਯਾਦ ਐ:
ਮੈਂ ਸਭਿਅਤਾ ਦਾ ਟੱਲ
ਸਮੇਂ ਦੀ ਭੇਡ ਦੇ ਗੱਲ ਬੱਧਾ
ਭੇਡ ਹੈ ਬੋਲ਼ੀ ਮੈਂ ਹਾਂ ਗੁੰਗਾ
ਕੌਣ ਕਿਸੇ ਨੂੰ ਜਾਣੇ!
ਉਹ ਐਸੀ ਜੰਮੀ ਕਿ ਅੰਮ੍ਰਿਤਾ ਨੇ ‘ਨਾਗਮਣੀ` ਵਿਚ ਛਾਪ’ਤੀ। ਮੈਂ ਕਿਹਾ, “ਅੰਮ੍ਰਿਤਾ ਮੈਂ ਤਾਂ ਮਜ਼ਾਕ ਕੀਤਾ ਸੀ।” ਨਾਲ ਬੈਠਾ ਦਵਿੰਦਰ ਬੋਲਿਆ, “ਰੁਪਾਣਾ ਜੀ ਇਹੀ ਤਾਂ ਅਸਲੀ ਕਵਿਤਾ ਹੈ ਵੇ!“
ਜਿਵੇਂ ਰੁਪਾਣਾ ਆਰਾਂ ਲਾਉਣ ਵਿਚ ਮਾਹਰ ਰਿਹਾ, ਉਵੇਂ ਭੁੱਲਰ ਵੀ ਟਿੱਚਰ ਮਖੌਲ ਕਰਨ ਵਿਚ ਘੱਟ ਨਹੀਂ ਰਿਹਾ। ਜਦੋਂ ਦੋਵੇਂ ਦਿੱਲੀ ਹੁੰਦੇ ਸੀ ਤਾਂ ਦਿੱਲੀ ਦੀਆਂ ਕਹਿੰਦੀਆਂ ਕਹਾਉਂਦੀਆਂ ਕਲਮਾਂ ਨੂੰ ਵਖਤ ਪਾਈ ਰੱਖਦੇ ਸੀ। ਦੇਖਣ ਨੂੰ ਭਲੇਮਾਣਸ ਲੱਗਦੇ ਸੀ ਪਰ ਜਿਵੇਂ ਚੰਗੇ ਭਲੇ ਲੇਖਕਾਂ ਤੇ ਲੇਖਕਾਵਾਂ ਦੀਆਂ ਗੁੱਝੀਆਂ ਗੱਲਾਂ ਨਸ਼ਰ ਕਰਦੇ ਸੀ, ਉਹ ਕਹਿੰਦੇ ਕਹਾਉਂਦੇ ਮੁਖਬਰਾਂ ਨੂੰ ਮਾਤ ਪਾਉਂਦੀਆਂ ਸੀ। ਏਨਾ ਸ਼ੁਕਰ ਸੀ ਕਿ ਭਾਨੀ ਮਾਰ ਕੇ ਕਿਸੇ ਦਾ ਸਿਰੇ ਚੜ੍ਹਦਾ ਸੌਦਾ ਨਹੀਂ ਸੀ ਵਿਗਾੜਦੇ।
ਭੁੱਲਰ ਲਿਖਦੈ: ਮਹਾਂਕਵੀ ਟੈਗੋਰ ਨੇ ਕਿਹਾ ਸੀ, ਦੁਨੀਆ ਵਿਚ ਹਰ ਰੋਜ਼ ਏਨੇ ਮਨੁੱਖਾਂ ਦੇ ਜੰਮਣ ਤੋਂ ਪਤਾ ਲੱਗਦਾ ਹੈ ਕਿ ਪਰਮਾਤਮਾ ਮਨੁੱਖ ਬਣਾਉਂਦਾ ਥੱਕਿਆ ਨਹੀਂ। ਰਾਜਿੰਦਰ ਸਿੰਘ ਬੇਦੀ ਦਾ ਕਹਿਣਾ ਸੀ ਕਿ ਮੈਂ ਸਿਰਫ਼ ਟੈਗੋਰ ਦੇ ਇਸ ਕਥਨ ਦਾ ਸਬੂਤ ਬਣਨ ਵਾਸਤੇ 1 ਸਤੰਬਰ 1915 ਨੂੰ ਲਾਹੌਰ ਵਿਚ ਅੰਮ੍ਰਿਤ ਵੇਲੇ ਤਿੰਨ ਵੱਜ ਕੇ ਸੰਤਾਲੀ ਮਿੰਟ ਤੇ ਪਧਾਰਿਆ।
ਹਾਸ-ਵਿਅੰਗ ਦੇ ਛੱਟੇ ਦੇਣ ਵਿਚ ਬੇਦੀ ਭੁੱਲਰ ਤੋਂ ਵੀ ਅਗਾਂਹ ਸੀ। ਬੰਬਈ ਵਿਖੇ ਸੰਤ ਸਿੰਘ ਸੇਖੋਂ ਦੇ ਮਾਣ ਵਿਚ ਦਿੱਤੀ ਪਾਰਟੀ ਪਿੱਛੋਂ ਕੁਝ ਲੇਖਕ ਬੇਦੀ ਦੀ ਨਵੀਂ ਕਾਰ ਵਿਚ ਜਾ ਰਹੇ ਸਨ। ਨਵੀਂ ਕਾਰ ਦੇਖ ਕੇ ਸੁਖਬੀਰ ਨੇ ਕਿਹਾ, “ਬੇਦੀ ਸਾਹਿਬ, ਇਹ ਗੱਡੀ ਤੁਹਾਡੇ ਪ੍ਰੋਡਿਊਸਰ ਬਣਨ ਦੀ ਗਵਾਹੀ ਭਰਦੀ ਹੈ।” ਹਰਨਾਮ ਸਿੰਘ ਨਾਜ਼ ਨੇ ਸਿਫ਼ਤ ਕੀਤੀ, “ਗੱਡੀ ਕਾਹਦੀ, ਪੂਰਾ ਗੱਡਾ ਹੈ ਇਹ ਤਾਂ!”
ਗੱਡੇ ਵਾਹੁਣ ਵਾਲਿਆਂ ਵਿਚੋਂ ਆਏ ਸੰਤ ਸਿੰਘ ਸੇਖੋਂ ਨੇ ਸੰਤਬਾਣੀ ਉਚਾਰੀ, “ਇਹਦੇ ਵਿਚ ਤਾਂ ਭਾਵੇਂ ਆਲੂਆਂ ਦੀਆਂ ਵੀਹ ਬੋਰੀਆਂ ਲੱਦ ਲਓ!”
ਬੇਦੀ ਨੇ ਸੁਖਨ ਅਲਾਇਆ, “ਆਲੂ ਹੀ ਤਾਂ ਲੱਦੀ ਜਾ ਰਿਹਾਂ ਮਾਲਕੋ!”
ਬੇਦੀ ਸਾਹਿਬ ਆਪਣੇ ਆਪ ਨੂੰ ਸਾਹਿਤਕਾਰ ਮੰਨਦੇ ਸਨ, ਫਿਲਮੀ ਬੰਦਾ ਨਹੀਂ। ਸਾਹਿਤ ਉਨ੍ਹਾਂ ਦਾ ਇਸ਼ਕ ਸੀ ਤੇ ਫਿਲਮਾਂ ਦੀ ਥਾਂ ਰਖੇਲ ਵਾਲੀ ਸੀ। ਰੱਬ ਬਾਰੇ ਉਨ੍ਹਾਂ ਦਾ ਨਜ਼ਰੀਆ ਸੀ: ਜੇ ਭਗਵਾਨ ਮਨੁੱਖ ਬਣਾਉਣ ਦੀ ਉਜੱਡਤਾ ਕਰਦਾ ਹੈ ਤਾਂ ਮੈਂ ਮਨੁੱਖ ਹੋ ਕੇ ਭਗਵਾਨ ਬਣਾਉਂਦੇ ਰਹਿਣ ਦੀ ਬੇਵਕੂਫ਼ੀ ਕਿਉਂ ਕਰਾਂ?
ਮਨਚਾਹਿਆ ਜੀਵਨ ਜਿਊਣ ਪਰ ਅਣਚਾਹੀਆਂ ਮੁਸ਼ਕਿਲਾਂ ਸਹੇੜਨ ਵਾਲੀ ਅੰਮ੍ਰਿਤਾ ਪ੍ਰੀਤਮ ਦਾ ਸ਼ਬਦ ਚਿੱਤਰ ਭੁੱਲਰ ਨੇ ਕਮਾਲ ਦਾ ਚਿਤਰਿਆ। ਉਹਦੇ ਵਿਚੋਂ ਹੀ ਉਹਦਾ ਚਰਚਿਤ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਿਕਲਿਆ ਸੀ।
ਭੁੱਲਰ ਦੀ ਖੇਡ ਲਿਖਤ
ਪੰਜਾਬ ਸਦੀਆਂ ਤੋਂ ਖੇਡਾਂ ਤੇ ਖਿਡਾਰੀਆਂ ਦੀ ਧਰਤੀ ਰਿਹਾ ਹੈ। ਪਹਿਲਵਾਨ, ਡੰਡ-ਬੈਠਕਾਂ ਕੱਢਣ ਵਾਲ਼ੇ, ਕਬੱਡੀ ਦੇ ਖਿਡਾਰੀ, ਭਾਰ-ਚੁਕਾਵੇ ਅਤੇ ਅਨੇਕਾਂ ਹੋਰ ਦੇਸੀ ਖੇਡਾਂ ਦੇ ਖਿਡਾਰੀ ਲਗਭਗ ਹਰ ਪਿੰਡ ਵਿਚ ਹੁੰਦੇ ਸਨ। ਲੋਕ ਉਹਨਾਂ ਦੀ ਵਡਿਆਈ ਕਰਦੇ ਤੇ ਉਹਨਾਂ ਨੂੰ ਪਿੰਡ ਦਾ ਮਾਣ ਸਮਝਦੇ। ਪਹਿਲਵਾਨਾਂ ਨੂੰ ਤਾਂ ਸਾਧੂਆਂ-ਸੰਤਾਂ ਵਾਂਗ ਭਲੇ ਪੁਰਸ਼ ਸਮਝਿਆ ਜਾਂਦਾ ਸੀ। ਪਿੰਡ ਵਾਲ਼ੇ ਉਹਨਾਂ ਨੂੰ ਘਿਓ, ਜੋ ਓਦੋਂ ਉਹਨਾਂ ਦੀ ਮੁੱਖ ਖ਼ੁਰਾਕ ਹੁੰਦਾ ਸੀ, ਪੀਪੇ ਭਰ-ਭਰ ਭੇਟ ਕਰਦੇ। ਮੈਨੂੰ ਆਪਣਾ ਬਚਪਨ ਚੇਤੇ ਹੈ ਜਦੋਂ ਕਿੱਕਰ ਸਿੰਘ, ਕੱਲੂ ਤੇ ਗਾਮੇ ਵਰਗੇ ਪਹਿਲਵਾਨਾਂ ਪ੍ਰਤੀ ਲੋਕ ਕਿਵੇਂ ਸ਼ਰਧਾ ਪ੍ਰਗਟ ਕਰਦੇ ਸਨ ਅਤੇ ਉਹਨਾਂ ਦੀ ਪ੍ਰਸਿੱਧੀ ਕਿਵੇਂ ਦੂਰ-ਦੂਰ ਤਕ ਫ਼ੈਲੀ ਹੋਈ ਸੀ।
ਆਧੁਨਿਕ ਸਾਹਿਤ ਦਾ ਜੁੱਗ ਸ਼ੁਰੂ ਹੋਇਆਂ ਮਸਾਂ ਡੇਢ ਕੁ ਸਦੀ ਹੋਈ ਹੈ। ਪਰ ਜਦੋਂ ਸਾਹਿਤ ਹੋਰ ਸਭ ਵਿਧਾਵਾਂ ਵਿਚ ਤੇਜ਼ੀ ਨਾਲ ਪ੍ਰਫੁੱਲਤ ਹੋਣ ਲੱਗਿਆ, ਖੇਡਾਂ ਖਿਡਾਰੀਆਂ ਬਾਰੇ ਲਿਖਣ ਲਈ ਕੋਈ ਲੇਖਕ ਪ੍ਰੇਰਿਤ ਨਾ ਹੋਇਆ। ਨਾਮੀ ਪਹਿਲਵਾਨਾਂ ਬਾਰੇ ਕਵੀਸ਼ਰਾਂ ਦੇ ਲਿਖੇ ਹੋਏ ਕੁਝ ਛੋਟੇ-ਮੋਟੇ ਕਿੱਸੇ ਜ਼ਰੂਰ ਮਿਲਦੇ ਸਨ। ਫਿਰ ਵਲਾਇਤ ਵਾਸੀ ਬਲਬੀਰ ਸਿੰਘ ਕੰਵਲ ਨੇ 1964 ਵਿਚ ‘ਭਾਰਤ ਦੇ ਪਹਿਲਵਾਨ’ ਪੁਸਤਕ ਛਪਵਾ ਕੇ ਪੰਜਾਬੀ ਖੇਡ ਸਾਹਿਤ ਦੀ ਪਗਡੰਡੀ ਪਾਈ। ਇਸ ਪਗਡੰਡੀ ਨੂੰ ਸ਼ਾਹਰਾਹ ਬਣਾਉਣ ਦਾ ਸਿਹਰਾ ਪ੍ਰਿੰਸੀਪਲ ਸਰਵਣ ਸਿੰਘ ਦੇ ਸਿਰ ਬਝਦਾ ਹੈ ਜੋ 1966 ਤੋਂ ਖੇਡਾਂ ਖਿਡਾਰੀਆਂ ਬਾਰੇ ਲਗਾਤਾਰ ਲਿਖਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਖੇਡ ਪੁਸਤਕਾਂ ਦੀ ਗਿਣਤੀ ਵੀਹਾਂ ਤੋਂ ਟੱਪ ਚੁੱਕੀ ਹੈ। ਉਹ ਪੰਜਾਬੀ ਦੇ ਪ੍ਰਮੁੱਖ ਖੇਡ ਲੇਖਕ ਤਾਂ ਹਨ ਹੀ, ਜੇ ਉਹਨਾਂ ਨੂੰ ਪੰਜਾਬੀ ਵਿਚ ਖੇਡ ਸਾਹਿਤ ਦੇ ਮੋਢੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ।
ਉਹ ਆਪ ਯੂਨੀਵਰਸਿਟੀ ਪੱਧਰ ਦੇ ਖਿਡਾਰੀ ਹੋਣ ਕਰ ਕੇ ਤਨ ਦੀ ਅਰੋਗਤਾ ਤੇ ਅਰੋਗਤਾ ਵਿਚ ਖੇਡਾਂ ਦੇ ਮਹੱਤਵ ਤੋਂ ਅਤੇ ਅਰੋਗ ਤਨ ਵਿਚ ਅਰੋਗ ਮਨ ਹੋਣ ਦੇ ਤੱਥ ਤੋਂ ਭਲੀਭਾਂਤ ਸਚੇਤ ਹੋਣ ਸਦਕਾ ਲੰਮੇ ਸਮੇਂ ਤੋਂ ਲੰਮੀ ਸੈਰ ਤੇ ਵਰਜ਼ਿਸ਼ ਦਾ ਨਿੱਤਨੇਮ ਨਿਭਾਉਂਦੇ ਆ ਰਹੇ ਹਨ। ਉਹਨਾਂ ਦਾ ਕੰਮਕਾਜੀ ਜੀਵਨ ਇਕੱਤੀ ਸਾਲ ਲੈਕਚਰਰ ਵਜੋਂ ਤੇ ਚਾਰ ਸਾਲ ਪ੍ਰਿੰਸੀਪਲ ਵਜੋਂ ਵੱਖ-ਵੱਖ ਕਾਲਜਾਂ ਨਾਲ ਜੁੜਿਆ ਰਿਹਾ। ਇੰਜ ਉਹ ਕਾਲਜਾਂ ਦੀਆਂ ਖੇਡਾਂ ਨਾਲ ਵੀ ਜੁੜੇ ਰਹੇ। ਉਨ੍ਹਾਂ ਦੇ ਕਥਨ ਅਨੁਸਾਰ, “ਮੇਰੀ ਤਕੜਾ ਖਿਡਾਰੀ ਬਣਨ ਦੀ ਰੀਝ ਸੀ ਜੋ ਪੂਰੀ ਨਾ ਹੋ ਸਕੀ। ਉਸ ਰੀਝ ਨੂੰ ਪੂਰੀ ਕਰਨ ਲਈ ਮੈਂ ਖੇਡ ਲੇਖਕ ਬਣਿਆ। ਇਹ ਤਾਂ ਸਮਾਂ ਹੀ ਦੱਸੇਗਾ ਮੇਰੀ ਸੀਮਾ ਕਿਥੇ ਤਕ ਹੈ?”
ਉਹ ਪਹਿਲੇ ਪੰਜਾਬੀ ਲੇਖਕ ਹਨ ਜਿਨ੍ਹਾਂ ਨੇ ਖੇਡਾਂ ਤੇ ਖਿਡਾਰੀਆਂ ਬਾਰੇ ਨਿੱਠ ਕੇ ਲਿਖਣਾ ਸ਼ੁਰੂ ਕੀਤਾ ਅਤੇ ਇਸ ਨੂੰ ਸੌਖਾ ਸ਼ੁਗਲ ਸਮਝਣ ਦੀ ਥਾਂ ਸਮਾਜਿਕ ਜ਼ਿੰਮੇਦਾਰੀ ਤੇ ਸਮੇਂ ਦੀ ਲੋੜ ਵਜੋਂ ਪੂਰੀ ਗੰਭੀਰਤਾ ਨਾਲ ਲਿਆ। ਇਹ ਤੱਥ ਵਰਨਣਜੋਗ ਹੈ ਕਿ ਖੇਡ-ਲੇਖਕ ਬਣਨ ਤੋਂ ਪਹਿਲਾਂ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਹੋਈਆਂ ਸਨ ਅਤੇ ਉਹਨਾਂ ਦਾ ਸ਼ੁਮਾਰ ਸੰਭਾਵਨਾ ਭਰਪੂਰ ਕਹਾਣੀਕਾਰਾਂ ਵਿਚ ਹੋਣ ਲੱਗ ਪਿਆ ਸੀ। ਉਹਨਾਂ ਦੀਆਂ ਕਹਾਣੀਆਂ ਚਰਚਿਤ ਹੋਣ ਵਿਚ ਏਨੀਆਂ ਸਫਲ ਰਹੀਆਂ ਸਨ ਕਿ ਜੇ ਉਹ ਉਸੇ ਰਾਹ ਤੁਰਦੇ ਰਹਿੰਦੇ, ਯਕੀਨਨ ਅੱਜ ਉਹਨਾਂ ਦਾ ਨਾਂ ਪਹਿਲੀ ਕਤਾਰ ਦੇ ਕਹਾਣੀਕਾਰਾਂ ਵਿਚ ਲਿਆ ਜਾਂਦਾ। ਇਸੇ ਲਈ ਮੈਂ ਉਹਨਾਂ ਨੂੰ ਆਖਦਾ ਹਾਂ, ਤੁਹਾਡਾ ਕਹਾਣੀ ਲੇਖਕ ਤੋਂ ਖੇਡ ਲੇਖਕ ਬਣਨਾ ਖੇਡ ਸਾਹਿਤ ਦੀ ਜਿੰਨੀ ਪ੍ਰਾਪਤੀ ਹੈ, ਕਹਾਣੀ ਸਾਹਿਤ ਲਈ ਓਨੀ ਹੀ ਘਾਟੇਵੰਦੀ ਹੈ।
ਮਨੁੱਖੀ ਜੀਵਨ ਵਿਚ ਸਬੱਬ ਕਈ ਵਾਰ ਵੱਡੀ ਭੂਮਿਕਾ ਨਿਭਾਉਂਦਾ ਹੈ। ਪ੍ਰਿੰਸੀਪਲ ਸਰਵਣ ਸਿੰਘ ਦਾ ਖੇਡ ਲੇਖਕ ਬਣਨਾ ਵੀ ਸਬੱਬੀ ਵਰਤਾਰਾ ਕਿਹਾ ਜਾ ਸਕਦਾ ਹੈ। 1966 ਵਿਚ ਉਹ ਖ਼ਾਲਸਾ ਕਾਲਜ ਦਿੱਲੀ ਵਿਚ ਪੜ੍ਹਾਉਂਦੇ ਸਨ ਤੇ ਗਰਮੀ ਦੀਆਂ ਛੁੱਟੀਆਂ ਵਿਚ ਪਿੰਡ ਗਏ ਹੋਏ ਸਨ। ਉਹਨਾਂ ਨੂੰ ਅਖ਼ਬਾਰ ਤੋਂ ਪਤਾ ਲੱਗਿਆ ਕਿ ਕਿੰਗਸਟਨ ਵਿਚ ਹੋਣ ਵਾਲ਼ੀਆਂ ਕਾਮਨਵੈਲਥ ਖੇਡਾਂ ਲਈ ਕੌਮੀ ਪੱਧਰ ਦੇ ਅਥਲੀਟਾਂ ਦਾ ਕੋਚਿੰਗ ਕੈਂਪ ਪਟਿਆਲੇ ਲੱਗਿਆ ਹੋਇਆ ਹੈ। ਉਹਨਾਂ ਵਿਚੋਂ ਕੁਝ ਅਥਲੀਟ ਇਹਨਾਂ ਦੇ ਚੰਗੇ ਜਾਣੂ ਸਨ। ਉਹਨਾਂ ਨੂੰ ਮਿਲਣ ਦੀ ਨੀਤ ਨਾਲ ਇਹ ਪਟਿਆਲੇ ਜਾ ਪਹੁੰਚੇ। ਕੁਝ ਰਾਤਾਂ ਹੋਟਲ ਵਿਚ ਬਿਤਾਉਣ ਮਗਰੋਂ ਇਹਨਾਂ ਦਾ ਟਿਕਾਣਾ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਹੋ ਗਿਆ। ਰਾਤ ਇਹ ਉਥੇ ਕਟਦੇ ਤੇ ਸਾਰਾ ਦਿਨ ਅਥਲੀਟਾਂ ਦੀ ਸੰਗਤ ਵਿਚ ਬੀਤਦਾ। ਹੋਰ ਨਾ ਕੋਈ ਕੰਮ ਸੀ ਤੇ ਨਾ ਕੋਈ ਜ਼ਿੰਮੇਦਾਰੀ, ਇਕੋ-ਇਕ ਰੁਝੇਵਾਂ ਅਥਲੀਟਾਂ ਨੂੰ ਪ੍ਰੈਕਟਿਸ ਕਰਦੇ ਦੇਖਦੇ ਰਹਿਣਾ ਜਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹਿਣਾ ਸੀ।
ਅਥਲੀਟ ਆਪਣੀ ਵਰਜ਼ਿਸ਼, ਖੇਡ ਸਿਖਲਾਈ ਤੇ ਆਰਾਮ ਕਰਦੇ ਸਮਾਂ ਲੰਘਾਉਂਦੇ। ਸਰਵਣ ਸਿੰਘ ਉਹਨਾਂ ਨੂੰ ਦੇਖਦਾ ਰਹਿੰਦਾ-ਵਰਜ਼ਿਸ਼ ਤੇ ਖੇਡ ਨਾਲ ਕਮਾਏ ਹੋਏ ਉਹਨਾਂ ਦੇ ਸਰੀਰ, ਇਕ-ਦੂਜੇ ਨਾਲ ਹੁੰਦਾ ਹਾਸਾ-ਮਖੌਲ, ਉਹਨਾਂ ਦੀਆਂ ਆਦਤਾਂ, ਉਹਨਾਂ ਦਾ ਖਾਣ-ਪੀਣ, ਉਹਨਾਂ ਦੀ ਅਭਿਆਸੀ ਮਿਹਨਤ ਤੇ ਲਗਨ। ਗੱਲ ਕੀ, ਦੋ ਕੁ ਦਿਨਾਂ ਵਿਚ ਹੀ ਉਹਦੇ ਮਨ ਵਿਚ ਹਰ ਅਥਲੀਟ ਦੀ ਵੱਖਰੀ ਸ਼ਖ਼ਸੀਅਤ ਉਭਰਨ ਲੱਗੀ। ਉਹਨੀਂ ਦਿਨੀਂ ਲੇਖਕਾਂ ਦੇ ਸ਼ਬਦ ਚਿੱਤਰ ਲਿਖ ਕੇ ਚਰਚਿਤ ਹੋਣ ਵਾਲ਼ੇ ਬਲਵੰਤ ਗਾਰਗੀ ਦਾ ਸ਼ਬਦ ਚਿੱਤਰਾਂ ਦਾ ਨਵਾਂ ਸੰਗ੍ਰਹਿ ‘ਨਿੰਮ ਦੇ ਪੱਤੇ’ ਸੱਜਰਾ ਪੜ੍ਹਿਆ ਹੋਣ ਕਰਕੇ ਉਹਦੇ ਮਨ ਵਿਚ ਵਿਚਾਰ ਆਇਆ, ਕਿਉਂ ਨਾ ਏਨੇ ਨੇੜਿਉਂ ਤੱਕੇ ਇਹਨਾਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਦੇ ਸ਼ਬਦ ਚਿੱਤਰ ਲਿਖੇ ਜਾਣ! ਇਹ ਸੀ ਬੀਜ ਜੋ ਛੇਤੀ ਹੀ ਖੇਡ-ਲੇਖਕ ਦੇ ਰੂਪ ਵਿਚ ਭਰਿਆ ਪੂਰਾ ਬਿਰਛ ਬਣ ਗਿਆ।
ਸਰਵਣ ਸਿੰਘ ਸਾਰਾ ਦਿਨ ਕੈਂਪ ਵਿਚ ਸ਼ਾਮਲ ਖਿਡਾਰੀਆਂ ਨੂੰ ਗਹੁ ਨਾਲ ਦੇਖਦਾ-ਨਿਹਾਰਦਾ ਰਹਿੰਦਾ ਤੇ ਰਾਤ ਨੂੰ ਆਪਣੇ ਟਿਕਾਣੇ ਆ ਕੇ ਉਹ ਸਭ ਕੁਝ ਕਾਗ਼ਜ਼ ਉੱਤੇ ਉਤਾਰ ਲੈਂਦਾ। ਨਤੀਜਾ ਇਹ ਹੋਇਆ ਕਿ ਤਿੰਨ ਹਫ਼ਤਿਆਂ ਮਗਰੋਂ ਘਰ ਪਰਤਦਿਆਂ ਦੋ ਕੁ ਦਰਜਨ ਖਿਡਾਰੀਆਂ ਬਾਰੇ ਦੋ-ਢਾਈ ਸੌ ਪੰਨਿਆਂ ਦੀ ਕੱਚੀ ਸਮੱਗਰੀ ਉਹਦੇ ਝੋਲੇ ਵਿਚ ਸੀ। ਦਿੱਲੀ ਪਰਤ ਕੇ ਉਸ ਨੇ ਪਹਿਲਾ ਸ਼ਬਦ ਚਿੱਤਰ ‘ਮੁੜ੍ਹਕੇ ਦਾ ਮੋਤੀ’ ਡਿਕੈਥਲੋਨ ਦੇ ਏਸ਼ੀਅਨ ਚੈਂਪੀਅਨ ਤੇ ਟੋਕੀਓ ਓਲੰਪਿਕ ਖੇਡਾਂ ਵਿਚ ਪੰਜਵੇਂ ਨੰਬਰ ਦੇ ਹਰਡਲਜ਼-ਦੌੜਾਕ ਗੁਰਬਚਨ ਸਿੰਘ ਰੰਧਾਵੇ ਬਾਰੇ ਲਿਖਿਆ ਜੋ ਸਾਹਿਤਕ ਮਾਸਕ ‘ਆਰਸੀ’ ਨੂੰ ਭੇਜ ਦਿੱਤਾ। ਛਪਿਆ ਤਾਂ ਪਾਠਕਾਂ ਨੇ ਖ਼ੂਬ ਸਲਾਹਿਆ। ‘ਆਰਸੀ’ ਵੱਲੋਂ ਮੰਗ ਆਉਂਦੀ ਰਹਿੰਦੀ, ਇਹ ਲਿਖਦਾ ਰਹਿੰਦਾ ਤੇ ਪਾਠਕ ਸਲਾਹੁੰਦੇ ਰਹਿੰਦੇ। ਉਦੋਂ ਲਗਾਤਾਰ ਦਸ ਬਾਰਾਂ ਸ਼ਬਦ ਚਿੱਤਰ ‘ਆਰਸੀ’ ਵਿਚ ਛਪੇ। ਫੇਰ ਹੋਰ ਅਖ਼ਬਾਰਾਂ ਰਸਾਲਿਆਂ ਦੀ ਮੰਗ ਵੀ ਆਉਣ ਲੱਗੀ।
ਹੁਣ ਤੱਕ ਜਿਨ੍ਹਾਂ ਖਿਡਾਰੀਆਂ ਨੂੰ ਇਹਨਾਂ ਨੇ ਆਪਣੇ ਸ਼ਬਦਾਂ ਵਿਚ ਚਿੱਤਰਿਆ ਹੈ, ਉਹਨਾਂ ਦੀ ਗਿਣਤੀ ਦੋ ਸੌ ਨੂੰ ਪੁੱਜ ਗਈ ਹੈ। ਨਾਲ ਹੀ ਪਾਠਕ ਦੇਸੀ-ਬਦੇਸੀ ਖੇਡਾਂ ਦੀਆਂ ਬਰੀਕੀਆਂ ਜਾਣਨ ਦੀ ਉਤਸੁਕਤਾ ਦਿਖਾਉਣ ਲੱਗੇ ਤੇ ਇਹਨਾਂ ਨੇ ਸੌ ਦੇ ਲਗਭਗ ਖੇਡਾਂ ਦੀ ਜਾਣਕਾਰੀ ਅਖ਼ਬਾਰਾਂ-ਰਸਾਲਿਆਂ ਰਾਹੀਂ ਉਹਨਾਂ ਤੱਕ ਪੁਜਦੀ ਕਰ ਦਿੱਤੀ। ਇਹਨਾਂ ਦੀਆਂ ਖੇਡ-ਲਿਖਤਾਂ ਅਨੇਕ ਦੇਸਾਂ ਦੇ ਪੰਜਾਬੀ ਅਖ਼ਬਾਰਾਂ ਵਿਚ ਛਪ ਕੇ ਬਹੁਤ ਵੱਡੇ ਪਾਠਕ-ਘੇਰੇ ਤੱਕ ਪੁੱਜਦੀਆਂ ਹਨ। 1978 ਵਿਚ ਇਹਨਾਂ ਦੀ ਪਹਿਲੀ ਪੁਸਤਕ ‘ਪੰਜਾਬ ਦੇ ਉੱਘੇ ਖਿਡਾਰੀ’ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸਿ਼ਤ ਕੀਤੀ ਜਿਸ ਪਿੱਛੋਂ ਹੋਰ ਕਿਤਾਬਾਂ ਦੀ ਚੱਲ ਸੋ ਚੱਲ ਹੋ ਗਈ।
ਪ੍ਰਸਿੱਧ ਕਵੀ ਜਨਾਬ ਮਜਰੂਹ ਸੁਲਤਾਨਪੁਰੀ ਦਾ ਇਕ ਸ਼ਿਅਰ ਹੈ: “ਮੈਂ ਅਕੇਲਾ ਹੀ ਚਲਾ ਥਾ ਜਾਨਬਿ-ਏ-ਮੰਜ਼ਿਲ ਮਗਰ, ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ!” ਖੇਡ ਲੇਖਣ ਦੇ ਮਾਰਗ ਉੱਤੇ ਤੁਰੇ ਤਾਂ ਸਰਵਣ ਸਿੰਘ ਇਕੱਲੇ ਹੀ ਸਨ ਪਰ ਕੁਝ ਹੀ ਸਾਲਾਂ ਮਗਰੋਂ ਸੱਜੇ-ਖੱਬੇ ਦੇਖਿਆ ਤਾਂ ਇਹਨਾਂ ਨਾਲ ਪੂਰਾ ਕਾਰਵਾਂ ਜੁੜ ਚੁੱਕਿਆ ਸੀ। ਕਈ ਹੋਰ ਲੇਖਕ ਵੀ ਅਖ਼ਬਾਰਾਂ-ਰਸਾਲਿਆਂ ਨੂੰ ਖੇਡ ਲਿਖਤਾਂ ਭੇਜਣ ਲੱਗੇ। ਪੱਤਰ ਪ੍ਰੇਰਕ ਟੂਰਨਾਮੈਂਟਾਂ ਤੇ ਖੇਡ ਮੇਲਿਆਂ ਦੀਆਂ ਖ਼ਬਰਾਂ ਵੱਲ ਧਿਆਨ ਦੇਣ ਲੱਗੇ। ਹੌਲ਼ੀ-ਹੌਲ਼ੀ ਸਭ ਰੋਜ਼ਾਨਾ ਅਖ਼ਬਾਰਾਂ ਨੇ ਇਕ ਪੰਨਾ ਖੇਡਾਂ-ਖਿਡਾਰੀਆਂ ਦੇ ਨਾਂ ਕਰਨਾ ਸ਼ੁਰੂ ਕਰ ਦਿੱਤਾ। ਮਹੱਤਵਪੂਰਨ ਖੇਡ ਉਤਸਵਾਂ ਦਾ ਸੱਜਰਾ ਹਾਲ ਆਪਣੇ ਪਾਠਕਾਂ ਤੱਕ ਪੁਜਦਾ ਕਰਨ ਵਾਸਤੇ ਵਿਸ਼ੇਸ਼ ਪ੍ਰਤੀਨਿਧ ਭੇਜਣੇ ਸ਼ੁਰੂ ਕਰ ਦਿੱਤੇ।
ਪੰਜਾਬ ਵਿਚ ਖੇਡ ਮੇਲੇ ਤਾਂ ਕਈ ਲਗਦੇ ਹਨ ਪਰ ਕਿਲਾ ਰਾਇਪੁਰ ਦੀਆਂ ਖੇਲ੍ਹਾਂ ਦੀ ਆਪਣੀ ਹੀ ਸ਼ਾਨ ਹੈ। ਉਥੇ ਅਣਗਿਣਤ ਵੰਨਸੁਵੰਨੀਆਂ ਖੇਡਾਂ ਹੁੰਦੀਆਂ ਹੋਣ ਸਦਕਾ ਉਹਦਾ ਨਾਂ ‘ਪੇਂਡੂ ਓਲੰਪਿਕ’ ਪੈ ਗਿਆ ਹੈ। ਉਥੇ ਖੇਡ ਲੇਖਕਾਂ ਤੇ ਪੱਤਰਕਾਰਾਂ ਦਾ ਵੀ ਮੇਲਾ ਜੁੜ ਜਾਂਦਾ ਹੈ। ਇਸ ਪਨੀਰੀ ਵਿਚੋਂ ਬਹੁਤ ਬੂਟੇ ਵਿਗਸੇ ਹਨ ਤੇ ਬਹੁਤ ਫੁੱਲ ਖਿੜੇ ਹਨ। ਹੁਣ ਪੰਜਾਬੀ ਵਿਚ ਚਾਲੀ ਪੰਜਾਹ ਖੇਡ ਲੇਖਕ ਅਜਿਹੇ ਹਨ ਜਿਨ੍ਹਾਂ ਦੀ ਘੱਟੋ-ਘੱਟ ਇਕ ਪੁਸਤਕ ਤਾਂ ਛਪੀ ਹੀ ਹੈ ਤੇ ਕਈਆਂ ਦੀਆਂ ਇਕ ਤੋਂ ਵੱਧ ਪੁਸਤਕਾਂ ਵੀ ਛਪੀਆਂ ਹਨ। ਸਵਾ ਸੌ ਤੋਂ ਵੱਧ ਖੇਡ ਪੁਸਤਕਾਂ ਵਿਚ ਇਕੱਲੇ ਸਰਵਣ ਸਿੰਘ ਦਾ ਯੋਗਦਾਨ ਦੋ ਦਰਜਨ ਖੇਡ ਪੁਸਤਕਾਂ ਨਾਲ ਪੰਜਵਾਂ ਹਿੱਸਾ ਬਣ ਜਾਂਦਾ ਹੈ!
ਏਨੀ ਗਿਣਤੀ ਵਿਚ ਇਹ ਰਚਨਾ ਇਹਨਾਂ ਨੇ ਆਪਣੇ ਲਿਖਣ ਮੇਜ਼ ਉੱਤੇ ਬੈਠ ਕੇ ਹੀ ਨਹੀਂ ਕਰ ਦਿੱਤੀ। ਅਜਿਹਾ ਕਰਨਾ ਸੰਭਵ ਵੀ ਨਹੀਂ ਸੀ। ਇਹ ਕੋਈ ਕਾਲਪਨਿਕ ਸਾਹਿਤ ਨਹੀਂ ਸੀ, ਠੋਸ ਤੱਥਾਂ ਅਤੇ ਵੇਰਵਿਆਂ ਦੀ ਅੱਖੀਂ ਦੇਖੀ ਜਾਣਕਾਰੀ ਲੋੜਦਾ ਸੀ। ਇਹਨਾਂ ਵੱਲੋਂ ਅੱਖੀਂ ਦੇਖੇ ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਕੌਮੀ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਤੇ ਵਿਸ਼ਵ ਕੱਪਾਂ ਵਿਚੋਂ ਦੀ ਹੁੰਦਿਆਂ ਓਲੰਪਿਕ ਖੇਡਾਂ ਤੇ ਅੰਤਰਰਾਸ਼ਟਰੀ ਕਬੱਡੀ ਮੇਲੇ ਵੇਖਣ ਦੀ ਗਿਣਤੀ ਸੈਂਕੜਿਆਂ ਵਿਚ ਹੈ। ਤਿੰਨ ਪੁਸਤਕਾਂ ਤਾਂ ਅੱਖੀਂ ਡਿੱਠੇ ਖੇਡ ਮੇਲਿਆਂ ਬਾਰੇ ਹੀ ਲਿਖ ਦਿੱਤੀਆਂ ਹਨ। ਉਹਨਾਂ ਵਿਚੋਂ ਸੌ ਤੋਂ ਵੱਧ ਖੇਡ ਮੇਲਿਆਂ ਵਿਚ ਕਬੱਡੀ ਦੇ ਮੈਚਾਂ ਦੀ ਰਸ-ਭਰੀ ਭਾਸ਼ਾ ਵਿਚ ਕਮੈਂਟਰੀ ਕਰ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ ਹੈ। ਦਿੱਲੀ ਦੇ ਸਪਤਾਹਿਕ ‘ਸਚਿੱਤਰ ਕੌਮੀ ਏਕਤਾ’ ਵਿਚ ‘ਖੇਡ ਮੈਦਾਨ ’ਚੋਂ’ ਨਾਂ ਦਾ ਕਾਲਮ ਪੰਦਰਾਂ ਸਾਲ ਚਲਾਉਣਾ ਇਹਨਾਂ ਦੀ ਕਲਮੀ ਸਮਰੱਥਾ ਦਾ ਪ੍ਰਮਾਣ ਹੈ।
ਖੇਡ ਮੇਲਿਆਂ ਦੀ ਵਿਸ਼ਾਲਤਾ ਦੇਖੋ, “ਸ੍ਰਿਸ਼ਟੀ ਇਕ ਮਹਾਂ ਖੇਡ ਮੇਲਾ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਧਰਤੀ, ਸੂਰਜ, ਚੰਦ, ਤਾਰੇ ਤੇ ਉਪਗ੍ਰਹਿ ਉਹਦੇ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇਕ ਖੇਡ ਹੀ ਤਾਂ ਹੈ! ਜੀਵ ਆਉਂਦੇ ਹਨ ਤੇ ਤੁਰਦੇ ਜਾਂਦੇ ਹਨ। ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਉਹ ਭੁੱਲ-ਭੁਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਅਲੌਕਿਕ ਮੇਲਾ ਰਚਾ ਰੱਖਿਐ ਤੇ ਬਾਜ਼ੀ ਪਾ ਰੱਖੀ ਹੈ: ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।”
ਇਹਨਾਂ ਦਾ ਲਿਖਣ-ਕਾਰਜ ਅੱਖੀਂ ਡਿੱਠੇ ਨੂੰ ਕਾਗ਼ਜ਼ ਉੱਤੇ ਸੰਭਾਲ ਲੈਣ ਤੱਕ ਸੀਮਤ ਨਹੀਂ ਸਗੋਂ ਇਹਨਾਂ ਨੇ ਖੇਡਾਂ ਦੇ ਸੰਬੰਧ ਵਿਚ ਪੂਰੇ ਸਿਦਕ-ਸਿਰੜ ਨਾਲ ਨਵੀਂ ਖੋਜ ਵੀ ਕੀਤੀ ਹੈ। ਮਿਸਾਲ ਵਜੋਂ ਜਦੋਂ ਇਹ ਪੰਜਾਬੀ ਸਰੋਤਿਆਂ-ਦਰਸ਼ਕਾਂ ਨੂੰ ਦਸਦੇ ਹਨ ਕਿ ਪੰਜਾਬ ਦੀਆਂ ਨਿਰੋਲ ਆਪਣੀਆਂ ਦੇਸੀ ਖੇਡਾਂ ਦੀ ਗਿਣਤੀ ਸੌ ਤੋਂ ਵੱਧ ਹੈ, ਉਹ ਹੈਰਾਨ ਹੋਏ ਅਣਮੰਨੇ ਜਿਹੇ ਮਨ ਨਾਲ ਇਕ ਦੂਜੇ ਵੱਲ ਦੇਖਣ ਲਗਦੇ ਹਨ। ਪਰ ਜਦੋਂ ਇਹ ਦਸਦੇ ਹਨ ਕਿ ਸਤਾਸੀ ਪੰਜਾਬੀ ਖੇਡਾਂ ਦੀ ਜਾਣਕਾਰੀ ਤਾਂ ਇਹਨਾਂ ਨੇ ਆਪਣੀ ਪੁਸਤਕ ‘ਪੰਜਾਬ ਦੀਆਂ ਦੇਸੀ ਖੇਡਾਂ’ ਵਿਚ ਸ਼ਾਮਲ ਕੀਤੀ ਹੋਈ ਹੈ, ਉਹੋ ਸਰੋਤੇ ਇਹਨਾਂ ਦੀ ਕਲਮ ਨੂੰ ਧੰਨ ਆਖਦੇ ਹਨ।
ਇਸੇ ਤਰ੍ਹਾਂ ਦੀ ਖੋਜ ਨਾਲ ਇਹਨਾਂ ਨੇ ਪੰਜਾਬੀ ਹਾਕੀ ਖਿਡਾਰੀਆਂ ਦੇ ਕੁਝ ਦਿਲਚਸਪ ਅੰਕੜੇ ਲੱਭੇ ਹਨ। ਜਦੋਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦੀ ਝੰਡੀ ਸੀ, ਹਾਕੀ ਨੂੰ ਆਪਣੀ ਖਿੱਦੋ-ਖੂੰਡੀ ਦਾ ਨੇਮਬੱਧ ਰੂਪ ਸਮਝਣ ਵਾਲੇ ਪੰਜਾਬੀ ਖਿਡਾਰੀ ਭਾਰਤੀ ਟੀਮ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਸਨ। 1928 ਤੋਂ 2012 ਤੱਕ ਦੇ ਓਲੰਪਿਕ ਹਾਕੀ ਮੁਕਾਬਲਿਆਂ ਵਿਚ 137 ਸਿੱਖ ਖਿਡਾਰੀ ਖੇਡੇ ਤੇ ਉਹਨਾਂ ਨੇ 254 ਗੋਲ ਕੀਤੇ। ਇਹ ਉਹਨਾਂ ਨੌਂ ਦੇਸਾਂ ਦੀ ਜਾਣਕਾਰੀ ਵੀ ਦਿੰਦੇ ਹਨ ਜਿਨ੍ਹਾਂ ਦੀਆਂ ਓਲੰਪਿਕ ਹਾਕੀ ਟੀਮਾਂ ਵਿਚ ਸਿੱਖ ਖਿਡਾਰੀ ਸ਼ਾਮਲ ਰਹੇ। 1972 ਦੀਆਂ ਮਿਊਨਿਖ਼ ਓਲੰਪਿਕ ਖੇਡਾਂ ਵਿਚ ਜਦੋਂ ਯੂਗੰਡਾ ਤੇ ਜਰਮਨੀ ਵਿਚਕਾਰ ਹਾਕੀ ਦਾ ਮੁਕਾਬਲਾ ਹੋਇਆ, ਯੂਗੰਡਾ ਦੀ ਟੀਮ ਵਿਚ ਕਪਤਾਨ ਸਮੇਤ ਦਸ ਸਿੱਖ ਖਿਡਾਰੀ ਦੇਖ ਕੇ ਦਰਸ਼ਕ ਸਮਝਦੇ ਰਹੇ ਕਿ ਮੁਕਾਬਲਾ ਭਾਰਤ ਤੇ ਜਰਮਨੀ ਵਿਚਕਾਰ ਹੈ। ਜਦੋਂ ਕੀਨੀਆ ਤੇ ਯੂਗੰਡਾ ਵਿਚਕਾਰ ਮੈਚ ਹੋਇਆ ਤਾਂ ਇਉਂ ਲੱਗਾ ਜਿਵੇਂ ਮੈਚ ਦੋ ਦੇਸਾਂ ਵਿਚਕਾਰ ਨਹੀਂ, ਦੋ ਖਾਲਸਾ ਕਾਲਜਾਂ ਵਿਚਕਾਰ ਹੋ ਰਿਹਾ ਹੋਵੇ! ਪ੍ਰਿੰਸੀਪਲ ਸਰਵਣ ਸਿੰਘ ਦੀਆਂ ਖੇਡ ਲਿਖਤਾਂ ਵਿਚ ਅਨੇਕ ਦਿਲਚਸਪ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ।
ਜਦੋਂ ਸਰਵਣ ਸਿੰਘ ਨੇ ਖੇਡਾਂ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕੀਤਾ ਸੀ ਤਾਂ ਇਕ ਸਾਹਿਤਕ ਗੋਸ਼ਟੀ ਵਿਚ ਕਿਸੇ ਆਲੋਚਕ ਦਾ ਕਹਿਣਾ ਸੀ ਕਿ ਖੇਡਾਂ ਨਾਲ ਸੰਬੰਧਿਤ ਲਿਖਤਾਂ ਨੂੰ ਸਾਹਿਤ ਨਹੀਂ ਮੰਨਿਆ ਜਾ ਸਕਦਾ। ਅੱਜ ਉਹ ਆਲੋਚਕ ਸ਼ਾਇਦ ਆਪਣੇ ਬੋਲਾਂ ਤੇ ਪਛਤਾਉਂਦਾ ਹੋਵੇ। ਹੁਣ ਪੰਜਾਬੀ ਸਾਹਿਤ ਵਿਚ ਖੇਡ ਲਿਖਤਾਂ ਨੂੰ ਸਿਰਫ਼ ਇਕ ਵਿਧਾ ਹੀ ਨਹੀਂ ਮੰਨਿਆ ਜਾਂਦਾ ਸਗੋਂ ਹੋਰ ਵਿਧਾਵਾਂ ਵਾਂਗ ਇਸ ਨਾਲ ਸੰਬੰਧਿਤ ਖੋਜ ਕਾਰਜ ਕਰਦਿਆਂ ਕਈ ਖੋਜਾਰਥੀ ਐੱਮਫਿਲ ਤੇ ਪੀਐੱਚਡੀ ਕਰ ਚੁੱਕੇ ਤੇ ਕਰ ਰਹੇ ਹਨ।
ਪੰਜਾਬੀ ਖਿਡਾਰੀਆਂ ਨੇ ਕੁਸ਼ਤੀ ਤੇ ਕਬੱਡੀ ਵਰਗੀਆਂ ਦੇਸੀ ਖੇਡਾਂ ਦੇ ਨਾਲ-ਨਾਲ ਪੱਛਮ ਤੋਂ ਆਈਆਂ ਹੋਰ ਖੇਡਾਂ ਵਿਚ ਵੀ ਖ਼ੂਬ ਨਾਮਣਾ ਖੱਟਿਆ ਅਤੇ ਉਹਨਾਂ ਨੂੰ ਪੰਜਾਬ ਦੀ ਧਰਤੀ ਨਾਲ ਲਿਆ ਜੋੜਿਆ। ਪ੍ਰਿੰਸੀਪਲ ਸਰਵਣ ਸਿੰਘ ਨੇ ਖੇਡਾਂ ਤੇ ਖਿਡਾਰੀਆਂ ਨੂੰ ਕਮਾਲ ਦੀ ਵਾਰਤਕ ਵਿਚ ਸਾਕਾਰਨ ਦਾ ਪੂਰਨੇ-ਪਾਊ ਉੱਦਮ ਕੀਤਾ ਤੇ ਇਸ ਵਿਚ ਖਿਡਾਰੀਆਂ ਵਾਂਗ ਹੀ ਭਰਪੂਰ ਆਦਰ-ਮਾਣ ਕਮਾਇਆ! ਪੁਸਤਕ ‘ਪੰਜਾਬੀਆਂ ਦਾ ਖੇਡ ਸਭਿਆਚਾਰ’ ਵਿਚ ਉਹਨੇ ਪਿੰਡ ਤੋਂ ਲੈ ਕੇ ਓਲੰਪਿਕ ਤੱਕ ਦੀਆਂ ਖੇਡਾਂ ਨਾਲ ਪੰਜਾਬੀਆਂ ਦੇ ਅਟੁੱਟ ਨਾਤੇ ਦੀ ਵਾਰਤਾ ਜਿਸ ਸੁਚੱਜ ਨਾਲ ਪੇਸ਼ ਕੀਤੀ ਹੈ ਉਹ ਦਿਲਚਸਪ ਵੀ ਹੈ ਤੇ ਜਾਣਕਾਰੀ ਨਾਲ ਭਰਪੂਰ ਵੀ। ਉਹ ਹਰ ਵੇਲੇ ਨੂੰ ਲਿਖਣ-ਵੇਲਾ ਸਮਝਣ ਵਾਲਾ ਕਲਮ ਦਾ ਧਨੀ ਹੈ ਤੇ ਬੋਤੇ ਦੀ ਸਵਾਰੀ ਨੂੰ ਹਵਾਈ ਜਹਾਜ਼ ਦੀ ਸਵਾਰੀ ਤੋਂ ਬਿਹਤਰ ਮੰਨਦਾ ਆ ਰਿਹੈ!
ਈਮੇਲ: principalsarwansingh@gmail.com