ਪੱਤਰ ਪ੍ਰੇਰਕ
ਸ਼ੇਰਪੁਰ, 15 ਮਈ
ਬਿਜਲੀ ਚੋਰੀ ਫੜਨ ਲਈ ਰਾਮਨਗਰ ਛੰਨਾਂ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਛੰਨਾ ਦੇ ਘਰ ਪਾਵਰਕੌਮ ਦੇ ਇਨਫੋਰਸਮੈਂਟ ਵਿੰਗ ਵੱਲੋਂ ਮਾਰੇ ਛਾਪੇ ਦੌਰਾਨ ਬਿਜਲੀ ਅਧਿਕਾਰੀ ਮੁਲਾਜ਼ਮਾਂ ਦੇ ਹੋਏ ਘਿਰਾਓ ਦੇ ਸਬੰਧ ’ਚ ਪਾਵਰਕੌਮ ਟੀਮ ਵੱਲੋਂ ਪੈਰ ਪਿਛਾਂਹ ਖਿੱਚਣ ਤੋਂ ਪਾਵਰਕੌਮ ਦੇ ਅੰਦਰੋ-ਅੰਦਰੀ ਨਿਰਾਸ਼ ਅਧਿਕਾਰੀ ਤੇ ਮੁਲਾਜ਼ਮਾਂ ਵੱਲੋਂ ਸ਼ੇਰਪੁਰ-1 ਦਫ਼ਤਰ ਮੀਟਿੰਗ ਕੀਤੀ ਗਈ। ਵਿਭਾਗ ਦੇ ਸੂਤਰਾ ਅਨੁਸਾਰ ਚੋਰੀ ਫੜਨ ਲਈ ਗਈਆਂ ਕਈ ਟੀਮਾਂ ਵਿੱਚੋਂ ਰਾਮਨਗਰ ਛੰਨਾ ਪਹੁੰਚੀ ਟੀਮ ਦਾ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲਵੰਤ ਸਿੰਘ ਛੰਨਾ ਦੇ ਘਰ ਜਾਣ ’ਤੇ ਕਿਸਾਨਾਂ ਨੇ ਘਿਰਾਓ ਕਰ ਲਿਆ ਸੀ। ਘਿਰਾਓ ਖ਼ਤਮ ਕਰਵਾਏ ਜਾਣ ਲਈ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਪਾਵਰਕੌਮ ਨੇ ਪੈਰ ਪਿਛਾਂਹ ਖਿੱਚ ਲਏ ਅਤੇ ਪ੍ਰਸ਼ਾਸਨ ਵੱਲੋਂ ਇਸ ਪਿੰਡ ਵਿੱਚ ਮੁੜ ਛਾਪੇ ਨਾ ਮਾਰਨ ਦੇ ਕੀਤੇ ਐਲਾਨ ਤੋਂ ਮੁਲਾਜ਼ਮਾਂ ਨੇ ਹੈਰਾਨਗੀ ਪ੍ਰਗਟਾਈ। ਨਾਰਾਜ਼ ਅਧਿਕਾਰੀਆਂ ਨੇ ਸ਼ੇਰਪੁਰ-1 ਦਫ਼ਤਰ ’ਚ ਮੀਟਿੰਗ ਕਰਕੇ ਆਪੋ-ਆਪਣੀ ਭੜਾਸ ਵੀ ਕੱਢੀ। ਐਕਸੀਅਨ ਧੂਰੀ ਮਨੋਜ ਕੁਮਾਰ ਨੇ ਕੁੱਝ ਮੁਲਾਜ਼ਮਾਂ ਵੱਲੋਂ ਨਾਰਾਜ਼ਗੀ ਪ੍ਰਗਟਾਏ ਜਾਣ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਕਿ ਹੁਣ ਗਲਤਫਹਿਮੀਆਂ ਦੂਰ ਕਰ ਦਿੱਤੀਆਂ ਗਈਆਂ ਹਨ।