ਪੱਤਰ ਪ੍ਰੇਰਕ
ਪਠਾਨਕੋਟ, 15 ਮਈ
ਭਾਰਤ-ਪਾਕਿ ਸਰਹੱਦ ’ਤੇ ਬਮਿਆਲ ਸੈਕਟਰ ਵਿੱਚ ਬੀਐੱਸਐੱਫ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਆ ਕਾਬੂ ਕੀਤਾ ਗਿਆ, ਜਿਸ ਨੂੰ ਜਾਂਚ ਪੜਤਾਲ ਲਈ ਜ਼ਿਲ੍ਹਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਡੀਐੱਸਪੀ ਅਪਰੇਸ਼ਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਸਰਹੱਦ ਸਥਿਤ ਜੈਦਪੁਰ ਪੋਸਟ ’ਤੇ ਪਾਕਿਸਤਾਨੀ ਘੁਸਪੈਠੀਆ ਕਾਬੂ ਕੀਤਾ ਗਿਆ ਹੈ, ਜੋ ਭਾਰਤ ਦੀ ਸਰਹੱਦ ਅੰਦਰ ਸ਼ੱਕੀ ਹਾਲਤ ਵਿੱਚ ਘੁੰਮ ਰਿਹਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਤਲਾਸ਼ੀ ਦੌਰਾਨ ਉਸ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਪਰ ਮੁੱਢਲੀ ਜਾਂਚ ਵਿੱਚ ਉਹ ਮਾਨਸਿਕ ਤੌਰ ’ਤੇ ਬਿਮਾਰ ਲੱਗਦਾ ਹੈ। ਇਸ ਦੇ ਬਾਵਜੂਦ ਸੁਰੱਖਿਆ ਏਜੰਸੀਆਂ ਨੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘੁਸਪੈਠੀਏ ਨੇ ਆਪਣਾ ਨਾਮ ਨਦੀਨ ਦੱਸਿਆ ਹੈ ਅਤੇ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ।