ਅਹਿਮਦਾਬਾਦ, 16 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਅੱਜ ਦੇ ਸਮੇਂ ਇੱਕ ਥਾਂ ’ਤੇ ਹੀ ਖੜ੍ਹਾ ਨਹੀਂ ਰਹਿ ਸਕਦਾ ਤੇ ਇਸ ਨੂੰ ਆਤਮਨਿਰਭਰ ਬਣਨਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋਕ ਅਗਲੇ 25 ਸਾਲ ਸਥਾਨਕ ਪੱਧਰ ’ਤੇ ਬਣੀਆਂ ਵਸਤਾਂ ਖਰੀਦਣ ਤਾਂ ਦੇਸ਼ ’ਚ ਬੇਰੁਜ਼ਗਾਰੀ ਦਾ ਕੋਈ ਮੁੱਦਾ ਨਹੀਂ ਰਹਿ ਜਾਵੇਗਾ।
ਉਹ ਹਨੂੰਮਾਨ ਜੈਅੰਤੀ ਮੌਕੇ ਗੁਜਰਾਤ ਦੇ ਮੋਰਬੀ ’ਚ ਵੀਡੀਓ ਕਾਨਫਰੰਸ ਰਾਹੀਂ ਹਨੂੰਮਾਨ ਦੇ 108 ਫੁੱਟ ਉੱਚੇ ਬੁੱਤ ਦੇ ਉਦਘਾਟਨ ਮਗਰੋਂ ਸੰਬੋਧਨ ਕਰ ਰਹੇ ਸਨ। ਮੋਦੀ ਨੇ ਕਿਹਾ, ‘ਭਾਰਤ ਇਕ ਥਾਂ ਹੀ ਟਿਕਿਆ ਨਹੀਂ ਰਹਿ ਸਕਦਾ। ਅਸੀਂ ਜਿੱਥੇ ਹਾਂ, ਉਸਤੋਂ ਅੱਗੇ ਵਧਣਾ ਪਵੇਗਾ। ਆਲਮੀ ਸਥਿਤੀ ਅਜਿਹੀ ਹੈ ਕਿ ਪੂਰੀ ਦੁਨੀਆ ਇਹ ਸੋਚ ਰਹੀ ਹੈ ਕਿ ‘ਆਤਮ ਨਿਰਭਰ’ ਕਿਵੇਂ ਬਣਨਾ ਹੈ।’ ਉਨ੍ਹਾਂ ਕਿਹਾ, ‘ਮੈਂ ਦੇਸ਼ ਦੇ ਸੰਤਾਂ ਨੂੰ ਅਪੀਲ ਕਰਾਂਗਾ ਕਿ ਉਹ ਲੋਕਾਂ ਨੂੰ ਸਿਰਫ਼ ਸਥਾਨਕ ਉਤਪਾਦ ਖਰੀਦਣ ਦੀ ਸਿੱਖਿਆ ਦੇਣ। ‘ਵੋਕਲ ਫਾਰ ਲੋਕਲ’ ਮੁੱਖ ਚੀਜ਼ ਹੈ। ਸਾਡੇ ਘਰਾਂ ’ਚ ਸਾਨੂੰ ਸਿਰਫ਼ ਆਪਣੇ ਲੋਕਾਂ ਦੀਆਂ ਬਣਾਈਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸੋਚ ਕੇ ਦੇਖੋ ਇਸ ਨਾਲ ਕਿੰਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਵਸਤਾਂ ਲੋਕਾਂ ਨੂੰ ਚੰਗਾ ਮਹਿਸੂਸ ਕਰਵਾ ਸਕਦੀਆਂ ਹਨ ਪਰ ਇਸ ’ਚ ਦੇਸ਼ ਦੇ ਲੋਕਾਂ ਦੀ ਸਖਤ ਮਿਹਨਤ ਤੇ ਮਿੱਟੀ ਦੀ ਮਹਿਕ ਦਾ ਅਹਿਸਾਸ ਸ਼ਾਮਲ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ‘ਜੇਕਰ ਅਗਲੇ 25 ਸਾਲ ਅਸੀਂ ਸਿਰਫ਼ ਸਥਾਨਕ ਉਤਪਾਦ ਵਰਤਦੇ ਹਾਂ ਤਾਂ ਸਾਡੇ ਲੋਕ ਬੇਰੁਜ਼ਗਾਰ ਨਹੀਂ ਰਹਿਣਗੇ।’
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਅੱਜ ਸੌਰਾਸ਼ਟਰ ਖੇਤਰ ਦੇ ਮੋਰਬੀ ਵਿਚਲੇ ਕੇਸ਼ਵਨੰਦ ਜੀ ਦੇ ਆਸ਼ਰਮ ’ਚ ਭਗਵਾਨ ਹਨੂੰਮਾਨ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਹੈ। ਹਨੂੰਮਾਨ ਜੀ ਚਾਰ ਧਾਮ ਪ੍ਰਾਜੈਕਟ ਤਹਿਤ ਸਥਾਪਤ ਕੀਤੇ ਜਾਣ ਵਾਲੇ ਚਾਰ ਬੁੱਤਾਂ ’ਚੋਂ ਇਹ ਦੂਜਾ ਬੁੱਤ ਹੈ। ਇਸ ਲੜੀ ਤਹਿਤ ਪਹਿਲਾ ਬੁੱਤ 2010 ਵਿੱਚ ਦੇਸ਼ ਦੇ ਉੱਤਰੀ ਹਿੱਸੇ ’ਚ ਸ਼ਿਮਲਾ ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਦੱਖਣੀ ਭਾਰਤ ਦੇ ਰਾਮੇਸ਼ਵਰਮ ’ਚ ਇੱਕ ਹੋਰ ਬੁੱਤ ਸਥਾਪਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। -ਪੀਟੀਆਈ
ਮੋਦੀ ਦਾ ਗੁਜਰਾਤ ਦੌਰਾ ਭਲਕ ਤੋਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਗੁਜਰਾਤ ਦੇ ਤਿੰਨ ਦਿਨਾਂ ਦੇ ਦੌਰੇ ਉਤੇ ਜਾਣਗੇ। ਇਸ ਦੌਰਾਨ ਉਹ ਕਈ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਮੋਦੀ 18 ਅਪਰੈਲ ਨੂੰ ਗਾਂਧੀਨਗਰ ਵਿਚ ਸਕੂਲਾਂ ਲਈ ਬਣਾਏ ਕਮਾਂਡ ਤੇ ਕੰਟਰੋਲ ਕੇਂਦਰ ਦਾ ਦੌਰਾ ਕਰਨਗੇ। ਅਗਲੇ ਦਿਨ ਉਹ ਕਈ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। 20 ਅਪਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਆਲਮੀ ਆਯੂਸ਼ ਨਿਵੇਸ਼ ਤੇ ਖੋਜ ਸੰਮੇਲਨ ਦਾ ਗਾਂਧੀਨਗਰ ਵਿਚ ਉਦਘਾਟਨ ਕਰਨਗੇ। ਇਸ ਮੌਕੇ ਮੋਦੀ ਇਕ ਰੇਡੀਓ ਸਟੇਸ਼ਨ ਦਾ ਉਦਘਾਟਨ ਵੀ ਕਰਨਗੇ। ਇਹ ਰੇਡੀਓ ਸਟੇਸ਼ਨ ਖੇਤੀਬਾੜੀ ਤੇ ਪਸ਼ੂਪਾਲਣ ਬਾਰੇ ਵਿਗਿਆਨਕ ਪੱਖ ਤੋਂ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਮੋਦੀ 100 ਟਨ ਸਮਰੱਥਾ ਵਾਲੇ ਚਾਰ ਗੋਬਰ ਗੈਸ ਪਲਾਂਟਾਂ ਦਾ ਨੀਂਹ ਪੱਥਰ ਵੀ ਰੱਖਣਗੇ। -ਪੀਟੀਆਈ