ਰਾਏਪੁਰ, 31 ਅਕਤੂਬਰ
ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ 14 ਨਕਸਲੀਆਂ ਨੇ ਪੁਲੀਸ ਕੋਲ ਆਤਮਸਮਰਪਣ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ ਇੱਕ ਨਕਸਲੀ ਚਾਰ ਸਾਲ ਪਹਿਲਾਂ ਬੁਰਕਾਪਾਲ ਹਮਲੇ ਵਿੱਚ ਸ਼ਾਮਲ ਸੀ, ਜਿਸ ਵਿੱਚ 25 ਜਵਾਨ ਮਾਰੇ ਗਏ ਸਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਾਂਤੇਵਾੜਾ ਵਿੱਚ 14 ਨਕਸਲੀਆਂ ਨੇ ਪੁਲੀਸ ਕੋਲ ਸ਼ਨਿਚਰਵਾਰ ਨੂੰ ਆਤਮਸਮਰਪਣ ਕਰ ਦਿੱਤਾ। ਦਾਂਤੇਵਾੜਾ ਦੇ ਐੱਸਪੀ ਅਭਿਸ਼ੇਕ ਪੱਲਵ ਮੁਤਾਬਕ, ਇਨ੍ਹਾਂ ਬਾਗ਼ੀਆਂ ਨੇ ਕਿਹਾ ਕਿ ਉਹ ਪੁਲੀਸ ਦੀ ਮੁੜ-ਵਸੇਬਾ ਮੁਹਿੰਮ ‘ਲੋਨ ਵਰਾਟੂ’ ਤੋਂ ਪ੍ਰਭਾਵਿਤ ਹੋਏ ਹਨ ਅਤੇ ਮਾਓਵਾਦੀਆਂ ਦੀ ‘ਖੋਖਲੀ’ ਵਿਚਾਰਧਾਰਾ ਤੋਂ ਨਿਰਾਸ਼ ਹਨ। ਇਨ੍ਹਾਂ ਵਿੱਚ ਸੰਨਾ ਮਰਕਮ (21) ਸ਼ਾਮਲ ਹੈ, ਜੋ ਮਾਓਵਾਦੀਆਂ ਦੇ ਸਥਾਨਕ ਦਸਤੇ ਐੱਲਓਐੱਸ ਦਾ ਸਰਗਰਮ ਮੈਂਬਰ ਹੈ। ਉਹ ਮਾਓਵਾਦੀਆਂ ਵੱਲੋਂ ਬੁਰਕਾਪਾਲ (ਜ਼ਿਲ੍ਹਾ ਸੁਕਮਾ) ਵਿੱਚ 2017 ਵਿੱਚ ਹੋਏ ਹਮਲੇ ਵਿੱਚ ਸ਼ਾਮਲ ਸੀ, ਜਿਸ ਵਿੱਚ 25 ਸੀਆਰਪੀਐੱਫ ਜਵਾਨ ਮਾਰੇ ਗਏ ਸਨ। ਮਰਕਮ ਦੇ ਸਿਰ ’ਤੇ ਇੱਕ ਲੱਖ ਰੁਪਏ ਦਾ ਇਨਾਮ ਸੀ। ਅਧਿਕਾਰੀਆਂ ਨੇ ਕਿਹਾ ਕਿ ‘ਲੋਨ ਵਰਾਟੂ’ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਹੁਣ ਤੱਕ 454 ਨਕਸਲੀ ਹਿੰਸਾ ਤੋਂ ਤੌਬਾ ਕਰ ਚੁੱਕੇ ਹਨ। ਇਨ੍ਹਾਂ ਵਿੱਚ 117 ਇਨਾਮੀ ਨਕਸਲੀ ਸਨ। -ਪੀਟੀਆਈ