ਆਗਰਾ, 16 ਅਪਰੈਲ
ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਉਸ ਸਮੇਂ ਵਾਲ-ਵਾਲ ਬਚ ਗਏ ਜਦੋਂ ਇਥੇ ਇਕ ਸਮਾਗਮ ਦੌਰਾਨ ਸਟੇਜ ’ਤੇ ਲੋਹੇ ਦਾ ਛੱਜਾ ਅਚਾਨਕ ਡਿੱਗ ਗਿਆ। ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਮੁਤਾਬਕ ਅੰਬੇਦਕਰ ਜੈਅੰਤੀ ਮੌਕੇ ਭੀਮ ਨਗਰੀ ਇਲਾਕੇ ’ਚ ਸ਼ੁੱਕਰਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ। ਰਾਤ ਕਰੀਬ ਸਾਢੇ 9 ਵਜੇ ਤੇਜ਼ ਹਵਾਵਾਂ ਚਲਣ ਕਾਰਨ ਲੋਹੇ ਦਾ ਛੱਜਾ, ਜਿਸ ’ਤੇ ਲਾਈਟਾਂ ਲੱਗੀਆਂ ਹੋਈਆਂ ਸਨ, ਸਟੇਜ ’ਤੇ ਬੈਠੇ ਪਤਵੰਤਿਆਂ ਉਪਰ ਡਿੱਗ ਪਿਆ। ਜਦੋਂ ਛੱਜਾ ਡਿੱਗਿਆ ਤਾਂ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਸਟੇਜ ਤੋਂ ਭਾਸ਼ਨ ਦੇ ਰਹੇ ਸਨ। ਐੱਸਐੱਚਓ ਧਰਮੇਂਦਰ ਦਹੀਆ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ (50) ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ