ਪ੍ਰਯਾਗਰਾਜ/ਲਖਨਊ, 16 ਅਪਰੈਲ
ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਇੱਕ ਘਰ ਵਿੱਚੋਂ ਤਿੰਨ ਬੱਚਿਆਂ ਸਣੇ ਪਰਿਵਾਰ ਦੇ ਪੰਜ ਮੈਂਬਰ ਮ੍ਰਿਤਕ ਮਿਲੇ ਹਨ। ਪੁਲੀਸ ਨੇ ਅੱਜ ਇਸ ਸਬੰਧੀ ਦੱਸਿਆ ਕਿ ਇਹ ਘਟਨਾ ਨਵਾਬਗੰਜ ਥਾਣੇ ਅਧੀਨ ਆਉਂਦੇ ਪਿੰਡ ਖਾਗਲਪੁਰ ਵਿੱਚ ਬੀਤੀ ਰਾਤ ਦੀ ਹੈ।
ਇਸ ਘਟਨਾ ’ਤੇ ਵਿਰੋਧੀ ਧਿਰ ਦੇ ਨੇਤਾ ਅਤੇ ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਅਪਰਾਧ ਵਿੱਚ ਡੁੱਬ ਗਿਆ ਹੈ। ਅਖਿਲੇਸ਼ ਯਾਦਵ ਦੀ ਗੱਲ ਦਾ ਜਵਾਬ ਦਿੰਦਿਆਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਪਰਿਵਾਰ ਦੇ ਮੁਖੀ ਨੇ ਬਾਕੀ ਜੀਆਂ ਨੂੰ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ ਹੈ।
ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਘਟਨਾ ਦੀ ਜਾਂਚ ਮੁਕੰਮਲ ਹੋਣ ਮਗਰੋਂ ਸਚਾਈ ਸਾਹਮਣੇ ਆ ਜਾਵੇਗੀ। ਐੱਸਪੀ ਅਭਿਸ਼ੇਕ ਅਗਰਵਾਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ (42), ਉਸ ਦੀ ਪਤਨੀ ਪ੍ਰੀਤੀ (38) ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਮਾਹੀ (15), ਪੀਹੂ (13) ਅਤੇ ਕੁਹੂ (11) ਵਜੋਂ ਹੋਈ ਹੈ। ਫੋਰੈਂਸਿਕ ਟੀਮ ਅਤੇ ਡੌਗ ਸਕੁਐਡ ਘਟਨਾ ਦੀ ਜਾਂਚ ਕਰ ਰਹੇ ਹਨ। -ਪੀਟੀਆਈ