ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਸਤੰਬਰ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਨਾਲ ਮੁੜ ਚਰਚਾ ਵਿੱਚ ਆਏ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਸ ਦੇ ਸਾਥੀ ਚਰਨਜੀਤ ਸਿੰਘ ਚੰਨਾ ਦੀ ਬਰਸੀ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪਹਿਲੀ ਵਾਰ ਮਨਾਈ ਗਈ। ਇਸ ਸਬੰਧ ਵਿੱਚ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੱਜ ਪਹਿਲਾਂ ਇਥੇ ਰੱਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਤੇ ਮਗਰੋਂ ਗੁਰਬਾਣੀ ਕੀਰਤਨ ਕੀਤਾ ਗਿਆ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਸਮੇਤ ਬਲਵਿੰਦਰ ਜਟਾਣਾ ਤੇ ਚਰਨਜੀਤ ਚੰਨਾ ਦੇ ਭੈਣ-ਭਰਾ ਸ਼ਾਮਲ ਹੋਏ। ਸਿੱਖ ਆਗੂਆਂ ਵੱਲੋਂ ਭਾਈ ਜਟਾਣਾ ਤੇ ਚੰਨਾ ਦੇ ਭੈਣ-ਭਰਾਵਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਧਾਮੀ ਨੇ ਬਲਵਿੰਦਰ ਜਟਾਣਾ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਭਾਈ ਜਟਾਣਾ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਥਾਪਤ ਕਰਵਾਉਣਗੇ। ਇਸ ਸਬੰਧੀ ਅੰਤ੍ਰਿੰਗ ਕਮੇਟੀ ਨੇ ਮਤਾ ਪਾਸ ਕਰ ਦਿੱਤਾ ਹੈ।
ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਭਾਈ ਜਟਾਣਾ ਤੇ ਚੰਨਾ ਦੀ ਬਰਸੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸਿੱਖ ਪੰਥ ਦੇ ਸ਼ਹੀਦ ਹਨ, ਜਿਨ੍ਹਾਂ ਨੇ ਪੰਜਾਬ ਦੀ ਆਜ਼ਾਦੀ ਤੇ ਪ੍ਰਭੂਸੱਤਾ ਨੂੰ ਬਚਾਉਣ ਅਤੇ ਪਾਣੀਆਂ ਦੀ ਲੁੱਟੇ ਨੂੰ ਰੋਕਣ ਲਈ ਕੁਰਬਾਨੀਆਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਆਖ਼ਰੀ ਗੀਤ ‘ਐੱਸਵਾਈਐੱਸ’ ਦੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਭਾਈ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿੱਚ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਸੀ। ਅੱਜ ਦੇ ਸਮਾਗਮ ਵਿੱਚ ਭਾਈ ਜਟਾਣਾ ਦਾ ਭਰਾ ਪਵਨ ਸਿੰਘ, ਭਤੀਜਾ ਦਲਵੀਰ ਸਿੰਘ ਅਤੇ ਭਾਈ ਚੰਨਾ ਦੇ ਦੋ ਭਰਾ ਦਰਸ਼ਨ ਸਿੰਘ ਤੇ ਸਤਪਾਲ ਸਿੰਘ ਤੇ ਤਿੰਨ ਭੈਣਾਂ ਸਮਾਗਮ ਵਿੱਚ ਪਹੁੰਚੀਆਂ।