ਪੱਤਰ ਪ੍ਰੇਰਕ
ਦੇਵੀਗੜ੍ਹ, 8 ਅਕਤੂਬਰ
ਸਾਬਕਾ ਲੋਕ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਬਣਾਉਣ ਵੇਲੇ ਕਾਂਗਰਸ ਪਾਰਟੀ ਦੀ ਦੋਗਲੀ ਨੀਤੀ ਜੱਗ ਜਾਹਰ ਹੋਈ ਹੈ, ਜਦੋਂਕਿ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਪਾਰਲੀਮੈਂਟ ਦੇ ਸੈਸ਼ਨ ਵਿੱਚੋਂ ਹੀ ਗਾਇਬ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਦੂਮਾਜਰਾ ਨੇ ਪਿੰਡ ਕਛਵੀ ਵਿੱਚ ਇੱਕ ਸਮਾਜਿਕ ਸਮਾਗਮ ’ਚ ਸ਼ਾਮਲ ਹੋਣ ਉਪਰੰਤ ਇਸ ਪ੍ਰਤੀਨਿਧ ਨਾਲ ਗਲਬਾਤ ਕਰਦਿਆਂ ਕੀਤਾ।
ਇਸ ਮੌਕੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਵੱਲੋਂ ਪੰਜਾਬ ’ਚ ਖੇਤੀ ਕਾਨੂੰਨਾਂ ਵਿਰੁੱਧ ਕੱਢੀਆਂ ਗਈਆਂ ਟਰੈਕਟਰ ਰੈਲੀਆਂ ਫਲਾਪ ਰਹੀਆਂ ਹਨ, ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਦੀ ਦੋਗਲੀ ਨੀਤੀ ਸਮਝ ਗਏ ਸਨ। ਜਦੋਂ ਇਹ ਕਾਨੂੰਨ ਬਣਨ ਲੱਗੇ ਸੀ ਤਾਂ ਕਾਂਗਰਸ ਦੇ 30 ਲੋਕ ਸਭਾ ਮੈਂਬਰ ਪਾਰਲੀਮੈਂਟ ’ਚੋਂ ਬਾਹਰ ਰਹੇ ਜਦੋਂਕਿ ਰਾਹੁਲ ਗਾਂਧੀ ਵੀ ਉਸ ਦਿਨ ਸੈਸ਼ਨ ਤੋਂ ਗੈਰ-ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ 1919 ਵਿੱਚ ਵੀ ਕਾਂਗਰਸ ਪਾਰਟੀ ਇਹੀ ਕਾਨੂੰਨ ਕਿਸਾਨਾਂ ’ਤੇ ਥੋਪਣ ਲੱਗੀ ਸੀ ਪਰ ਕਾਮਯਾਬ ਨਹੀਂ ਸੀ ਹੋ ਸਕੀ। ਇਸੇ ਲਈ ਕਿਸਾਨ ਹੁਣ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਗਾ ਰਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਚਟਾਨ ਵਾਂਗ ਕਿਸਾਨਾਂ ਦੇ ਨਾਲ ਖੜ੍ਹੇਗਾ।