ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 1 ਮਾਰਚ
ਇੱਥੋਂ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵਿਰੁੱਧ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਅਜੈ ਜੈਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਸ਼ਹਿਰ ਅਤੇ ਲਾਗਲੇ ਪਿੰਡਾਂ ਵਿੱਚ ਜੰਗਬੰਦੀ ਦੀ ਅਪੀਲ ਦੇ ਸਬੰਧ ਵਿੱਚ ਬੋਰਡ ’ਤੇ ਫਲੈਕਸ ਲਗਾਏ, ਜਿਨ੍ਹਾਂ ’ਤੇ ਸਬੰਧਤ ਇਲਾਕਿਆਂ ਦੇ ਵਿਅਕਤੀ ਦਸਤਖ਼ਤ ਕਰਕੇ ਰੂਸ ਤੇ ਯੂਕਰੇਨ ਦੀਆਂ ਸਰਕਾਰਾਂ ਤੋਂ ਇਲਾਵਾ ਕੌਮਾਂਤਰੀ ਪੱਧਰ ਦੀਆਂ ਤਾਕਤਾਂ ਨੂੰ ਜੰਗ ਬੰਦ ਕਰਵਾਉਣ ਲਈ ਅਪੀਲ ਕਰ ਰਹੇ ਹਨ। ਮੁਹਿੰਮ ਦੇ ਕਨਵੀਨਰ ਬਿਪਨ ਸੇਠੀ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਸ਼ੁਰੂ ਕੀਤੇ ਉਪਰਾਲੇ ਨੂੰ ਹੋਰਨਾਂ ਹਮਖਿਆਲੀ ਸੰਗਠਨਾਂ ਤੋਂ ਵੀ ਹੁੰਗਾਰਾ ਮਿਲਿਆ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਵਿਕਾਸ ਟੰਡਨ, ਦੀਪਕ ਸ਼ਰਮਾ, ਭੋਜ ਰਾਜ ਸ਼ਰਮਾ, ਰਾਜਨ ਸ਼ਰਮਾ, ਡਾ. ਰਵਿੰਦਰ ਸ਼ਰਮਾ ਅਤੇ ਮੁਨੀਸ਼ ਮਲਹੋਤਰਾ ਨੇ ਵੀ ਆਪਣੇ ਮੈਂਬਰਾਂ ਸਮੇਤ ਵੱਖ-ਵੱਖ ਥਾਈਂ ਦਸਤਖ਼ਤ ਕੀਤੇ।