ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਦਸੰਬਰ
ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਪੁਲੀਸ ਨੂੰ ਨਿਰਦੇਸ਼ ਦਿੱਤਾ ਕਿ ਦਿੱਲੀ ਦੇ ਸਦਰ ਬਾਜ਼ਾਰ ਦੇ ਦੁਕਾਨਦਾਰ ਤੇ ਵਿਕਰੇਤਾ ਸਖ਼ਤੀ ਨਾਲ ਪ੍ਰੋਟੋਕੋਲ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਦਿੱਲੀ ਹਾਈਕੋਰਟ ਦਾ ਇਹ ਨਿਰਦੇਸ਼ ਉਸ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਆਇਆ ਹੈ, ਜਿਸ ’ਚ ਦਿੱਲੀ ਪੁਲੀਸ ਦੇ ਅਧਿਕਾਰੀਆਂ ਵੱਲੋਂ ਖੁਦ ਡਿਊਟੀ ’ਤੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਉਨ੍ਹਾਂ ਨੂੰ ਗ੍ਰਹਿ ਮਾਮਲੇ ਮੰਤਰਾਲੇ ਦੇ ਕਈ ਹੁਕਮਾਂ ਦੇ ਬਾਵਜੂਦ ਸਮਾਜ ’ਚ ਲਾਗੂ ਨਾ ਕਰਨ ’ਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ। ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਜਨਵਰੀ 2022 ਲਈ ਮੁਲਤਵੀ ਕਰ ਦਿੱਤੀ। ਪਟੀਸ਼ਨ ਅੱਗੇ ਹੋਰ ਸਾਰੀਆਂ ਸਬੰਧਤ ਸਥਾਨਕ ਅਥਾਰਟੀਆਂ ਤੋਂ ਕੋਵਿਡ-19 ਦੇ ਪ੍ਰਬੰਧਨ ਲਈ ਲੋੜੀਂਦੇ ਉਪਾਅ ਕਰਨ ਲਈ ਨਿਰਦੇਸ਼ ਮੰਗਦੀ ਹੈ ਜਿਸ ਵਿੱਚ ਅਸਫ਼ਲ ਰਹਿਣ ’ਤੇ ਕੋਵਿਡ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਕਿਸੇ ਵੀ ਢਿੱਲ-ਮੱਠ ਲਈ ਸਬੰਧਤ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਹੈ।
ਪਟੀਸ਼ਨਰ ਸ਼ਲੇਨ ਭਾਰਦਵਾਜ ਨੇ ਦੱਸਿਆ ਕਿ 9 ਅਗਸਤ ਨੂੰ ਸਵੇਰੇ 1 ਵਜੇ ਦੇ ਕਰੀਬ ਸਦਰ ਬਾਜ਼ਾਰ ਥਾਣੇ ਵਿੱਚ ਤਾਇਨਾਤ ਦੋ ਪੁਲੀਸ ਮੁਲਾਜ਼ਮਾਂ ਨੇ ਬਿਨਾਂ ਮਾਸਕ ਤੇ ਹੈਲਮੇਟ ਪਾਏ ਸਰਕਾਰੀ ਬਾਈਕ ‘ਤੇ ਗਸ਼ਤ ਦੌਰਾਨ ਪਟੀਸ਼ਨਕਰਤਾ ਤੇ ਉਸਦੇ ਰਿਸ਼ਤੇਦਾਰ ਨਾਲ ਦੁਰਵਿਵਹਾਰ ਕੀਤਾ।
ਜੰਗਪੁਰਾ ’ਚ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਰੱਦ
ਦਿੱਲੀ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਸ ਨੇ ਦਿੱਲੀ ’ਚ ਇੱਕ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਜੰਗਪੁਰਾ ਖੇਤਰ ’ਚ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਧਾਰਮਿਕ ਸਥਾਨਾਂ, ਇੱਕ ਹਸਪਤਾਲ ਤੇ ਇੱਕ ਸਕੂਲ ਦੇ ਨੇੜੇ ਸਥਿਤ ਹੈ। ਦਿੱਲੀ ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਪਿਛਲੇ ਹੁਕਮਾਂ ਦੇ ਆਧਾਰ ’ਤੇ ਸਬੰਧਤ ਇਮਾਰਤਾਂ ਦੀ ਜਾਂਚ ਕੀਤੀ ਗਈ ਤੇ ਸ਼ਰਾਬ ਦੇ ਠੇਕੇ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਜਸਟਿਸ ਰੇਖਾ ਪੱਲੀ ਨੇ ਪਟੀਸ਼ਨ ਦੇ ਨਾਲ ਲੰਬਿਤ ਅਰਜ਼ੀ ਦਾ ਨਿਪਟਾਰਾ ਕੀਤਾ। ਅਦਾਲਤ ਜੰਗਪੁਰਾ ਖੇਤਰ ’ਚ ਇੱਕ ਸ਼ਰਾਬ ਦੀ ਦੁਕਾਨ ਖੋਲ੍ਹਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ, ਜਿਸ ’ਚ ਧਾਰਮਿਕ ਸਥਾਨ, ਇੱਕ ਹਸਪਤਾਲ ਤੇ ਇਸਦੇ ਨੇੜੇ ਇੱਕ ਸਕੂਲ ਹੈ। ਜੰਗਪੁਰਾ-ਏ ਦੇ ਪਟੀਸ਼ਨਕਰਤਾ ਨੇ ਕਿਹਾ ਕਿ ਉਹ ਆਪਣੇ ਖੇਤਰ ’ਚ ਪ੍ਰਸਤਾਵਿਤ ਗੈਰ-ਕਾਨੂੰਨੀ ਸ਼ਰਾਬ ਦੀ ਦੁਕਾਨ ਤੋਂ ਦੁਖੀ ਹਨ। ਹਾਲਾਂਕਿ ਪਟੀਸ਼ਨਕਰਤਾ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਸ਼ਰਾਬ ਦੀ ਦੁਕਾਨ ਇਸ ਸਮੇਂ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ। ਪਟੀਸ਼ਨਰ ਨੇ ਕਿਹਾ ਕਿ ਉਸ ਜਗ੍ਹਾ ’ਤੇ ਵਾਈਨ/ਬੀਅਰ ਦੀ ਦੁਕਾਨ ਖੋਲ੍ਹਣ ਦੀ ਤਜਵੀਜ਼ ਦੁਬਾਰਾ ਜਾਰੀ ਹੈ। ਦਿੱਲੀ ਆਬਕਾਰੀ ਨੀਤੀ 2021-22 ਸਮੇਤ ਸੰਬੰਧਿਤ ਕਾਨੂੰਨਾਂ, ਦਿੱਲੀ ਆਬਕਾਰੀ ਨੀਤੀ ਦੀ ਧਾਰਾ 4.1.6 ਦੇ ਅਨੁਸਾਰ, ਧਾਰਮਿਕ ਸਥਾਨ ਤੇ ਪੰਜਾਹ ਤੇ ਇਸ ਤੋਂ ਵੱਧ ਬਿਸਤਰਿਆਂ ਵਾਲੇ ਹਸਪਤਾਲ, ਕਿਸੇ ਵੀ ਵਿੱਦਿਅਕ ਸੰਸਥਾ ਦੇ 100 ਮੀਟਰ ਦੇ ਅੰਦਰ ਕੋਈ ਵਾਈਨ/ਬੀਅਰ ਦੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ। ਉਪਰੋਕਤ ਸਥਾਨ ‘ਤੇ ਵਾਈਨ/ਬੀਅਰ ਦੀ ਦੁਕਾਨ ਖੋਲ੍ਹਣ ਦਾ ਪ੍ਰਸਤਾਵ ਨਿਯਮਾਂ ਦੇ ਉਪਰੋਕਤ ਉਪਬੰਧਾਂ ਦੀ ਪਾਲਣਾ ਕੀਤੇ ਬਿਨਾਂ ਲਿਆ ਗਿਆ ਹੈ ਕਿਉਂਕਿ ਇੱਥੇ ਨਾ ਸਿਰਫ਼ ਇੱਕ ਤੋਂ ਵੱਧ ਧਾਰਮਿਕ ਸਥਾਨ ਮੰਦਰ, ਗੁਰਦਵਾਰਾ ਹਨ, ਸਗੋਂ ਸਕੂਲ ਤੇ ਹਸਪਤਾਲ ਵੀ ਹਨ।