ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 30 ਅਕਤੂਬਰ
ਪਿੰਡ ਘੁੜਕਾ ਦੇ ਸਟੇਡੀਅਮ ਵਿੱਚ ਰਾਤ ਕੱਟਣ ਲਈ ਠਹਿਰੇ ਆਜੜੀਆਂ ਕੋਲੋਂ ਲੁਟੇਰਿਆਂ ਨੇ ਕੁੱਟਮਾਰ ਕਰ ਕੇ ਨਕਦੀ ਖੋਹ ਲਈ ਅਤੇ 80 ਦੇ ਕਰੀਬ ਭੇਡ-ਬੱਕਰੀਆਂ ਖੋਹ ਕੇ ਲੈ ਗਏ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਰਵਿੰਦਰ ਸਿੰਘ ਪੁੱਤਰ ਪਾਲਾ ਰਾਮ ਵਾਸੀ ਮਹਿਮਦਪੁਰ, ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਭੇਡਾਂ ਚਾਰਨ ਦਾ ਕੰਮ ਕਰਦਾ ਹੈ। ਉਹ ਆਪਣੇ ਸਾਥੀਆਂ ਗੁਲਜ਼ਾਰ ਸਿੰਘ, ਲਾਭ ਰਾਮ, ਪ੍ਰਸ਼ੋਤਮ ਕੁਮਾਰ, ਹੈਪੀ ਸਿੰਘ ਵਾਸੀ ਮਹਿਮਦਪੁਰ ਜ਼ਿਲ੍ਹਾ ਪਟਿਆਲਾ ਨਾਲ ਭੇਡਾਂ ਤੇ ਬੱਕਰੀਆਂ ਚਾਰਦੇ ਹੋਏ ਵੱਖ-ਵੱਖ ਪਿੰਡਾਂ ਤੋ ਹੁੰਦੇ ਹੋਏ ਪਿੰਡ ਘੁੜਕਾ ਦੇ ਖੇਡ ਸਟੇਡੀਅਮ ਵਿੱਚ 500 ਪਿੰਡ ਭੇਡਾਂ ਤੇ ਬੱਕਰੀਆਂ ਸਮੇਤ ਠਹਿਰੇ ਹੋਏ ਸਨ। ਉਨ੍ਹਾਂ ਦੱਸਿਆ ਕਿ ਰਾਤ ਨੂੰ ਕਰੀਬ 1.50 ਵਜੇ ਅੱਠ-ਨੌਂ ਅਣਪਛਾਤੇ ਵਿਅਕਤੀ ਇਕਦਮ ਸਟੇਡੀਅਮ ਵਿੱਚ ਆ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਵਿਅਕਤੀ ਉਨ੍ਹਾਂ ਕੋਲੋਂ ਨਕਦੀ ਕਰੀਬ ਅੱਠ ਹਜ਼ਾਰ ਰੁਪਏ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਹ ਅਣਪਛਾਤੇ ਵਿਅਕਤੀ ਜਾਂਦੇ ਹੋਏ ਇੱਜੜ ਵਿੱਚੋਂ 76 ਭੇਡਾਂ ਅਤੇ ਚਾਰ ਬੱਕਰੀਆਂ ਵੀ ਚੋਰੀ ਕਰ ਕੇ ਲੈ ਗਏ।
ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਧਾਰਾ 379 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਥਿਤ ਦੋਸ਼ੀਆਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।