ਨਵੀਂ ਦਿੱਲੀ, 11 ਜੂਨ
ਸੁਪਰੀਮ ਕੋਰਟ ਨੇ ਏਮਸ ਦੀ 16 ਜੂਨ ਨੂੰ ਹੋਣ ਵਾਲੀ ਆਈਐੱਨਆਈ ਸੀਈਟੀ ਪ੍ਰੀਖਿਆ, 2021 ਇਕ ਮਹੀਨੇ ਲਈ ਮੁਲਤਵੀ ਕਰ ਦਿੱਤੀ ਹੈ। ਜਸਟਿਸ ਇੰਦਰਾ ਬੈਨਰਜੀ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਕਿਹਾ ਕਿ ਕਈ ਉਮੀਦਵਾਰ ਕੋਵਿਡ ਡਿਊਟੀ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਦਾ ਪ੍ਰੀਖਿਆ ’ਚ ਬੈਠਣਾ ਮੁਸ਼ਕਲ ਹੋਵੇਗਾ। ਬੈਂਚ ਨੇ ਕਿਹਾ ਕਿ ਇਕ ਮਹੀਨੇ ਬਾਅਦ ਕਿਸੇ ਸਮੇਂ ਇਹ ਪ੍ਰੀਖਿਆ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੀਖਿਆ ਨੂੰ ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਨਹੀਂ ਕਰਨਗੇ। ਪਲੋਮੀ ਮੰਡਲ ਦੀ ਅਗਵਾਈ ਹੇਠ 26 ਡਾਕਟਰਾਂ ਨੇ ਇੰਸਟੀਚਿਊਟ ਆਫ਼ ਨੈਸ਼ਨਲ ਇੰਪਾਰਟੈਂਸ ਕੰਬਾਈਂਡ ਐਂਟਰੈਂਸ ਟੈਸਟ (ਆਈਐੱਨਆਈ ਸੀਈਟੀ) 2021 ਕਰਾਉਣ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਸੰਵਿਧਾਨ ਦੀ ਧਾਰਾ 14 ਅਤੇ 21 ਦੀ ਉਲੰਘਣਾ ਹੋਵੇਗੀ। -ਆਈਏਐਨਐਸ