ਮੁੰਬਈ, 22 ਅਪਰੈਲ
ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਇੱਕ ਪੁਲੀਸ ਇੰਸਪੈਕਟਰ ਵੱਲੋਂ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ ਹੁਕਮਾਂ ਅਨੁਸਾਰ ਪਰਮਬੀਰ ਸਿੰਘ ਖ਼ਿਲਾਫ਼ ਦੋਸ਼ਾਂ ਦੀ ਜਾਂਚ ਮਹਾਰਾਸ਼ਟਰ ਦੇ ਡੀਜੀਪੀ ਸੰਜੈ ਪਾਂਡੇ ਨੂੰ ਸੌਂਪੀ ਗਈ ਹੈ। ਪਰਮਬੀਰ ਸਿੰਘ ’ਤੇ ਪੁਲੀਸ ਇੰਸਪੈਕਟਰ ਅਨੂਪ ਡਾਂਗੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸੀ। ਡਾਂਗੇ ਨੂੰ ਪਿਛਲੇ ਸਾਲ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਹਾਲ ਹੀ ’ਚ ਬਹਾਲ ਕਰ ਦਿੱਤਾ ਗਿਆ ਸੀ। ਡਾਂਗੇ ਦੇ ਦਾਅਵੇ ਅਨੁਸਾਰ ਉਸ ਦੀ ਮੁਅੱਤਲੀ ਰੱਦ ਕਰਨ ਬਦਲੇ ਪਰਮਬੀਰ ਸਿੰਘ ਨੇ ਕਥਿਤ ਤੌਰ ’ਤੇ ਦੋ ਕਰੋੜ ਰੁਪਏ ਮੰਗੇ ਸੀ। ਪਰਮਬੀਰ ਸਿੰਘ ਦੀ ਇਸ ਮੰਗ ਬਾਰੇ ਇੰਸਪੈਕਟਰ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਪੱਤਰ ਲਿਖਿਆ ਸੀ। ਹਾਲਾਂਕਿ ਪਰਮਬੀਰ ਸਿੰਘ ਨੇ ਡਾਂਗੇ ਵੱਲੋਂ ਲਾਏ ਦੋਸ਼ ਰੱਦ ਕਰ ਦਿੱਤੇ ਹਨ। -ਏਜੰਸੀ